ਮਹਾਕਾਲ ਕਾਲਿਕਾ ਅਰਾਧੀ

- ਭਾਈ ਕ੍ਹਾਨ ਸਿੰਘ ਨਾਭਾ



Author of article : Bhai Kahn Singh Nabha


 


 Extract from "Hum Hindu Nahee (1898)" :


ਹਿੰਦੂ: ਆਪ ਦੇਵੀ ਦੇਵਤਿਆਂ ਦੇ ਪੂਜਨ ਦਾ ਗੁਰਮਤ ਵਿਚ ਨਿਸ਼ਿਧ ਆਖਦੇ ਹੋ ਪਰ ਦਸਵੇਂ ਗੁਰੂ ਜੀ ਨੲਖੁਦ ਦੇਵੀ ਪੂਜੀ ਜੈ, ਜੇਹਾ ਕਿ ਬਚਿਤ੍ਰ ਨਾਟਕ ਦੇ ਇਸ ਬਚਨ ਤੋਂ


ਮਹਾਕਾਲ ਕਾਲਿਕਾ ਅਰਾਧੀ॥ (ਬਚਿਤ੍ਰ ਨਾਟਕ ਅਧਿਆ 6)


ਪ੍ਰਤੀਤ ਹੁਂਦਾ ਹੈ ਅਰ ੳਹਨਾਂ ਦੇ ਦੁਰਗਾ ਦੀ ਮਹਿਮਾ ਵਿਚ ਚੰਡੀ ਚਰਿਤ੍ਰ ਲਿਖਿਆ ਹੈ ਔਰ ਉਸ ਦੇ ਪਾਠ ਦਾ ਮਹਾਤਮ ਦਸਿਆ ਹੈ, ਯਥਾ:


ਜਾਹਿ ਨਮਿੱਤ ਪੜੈ ਸੁਨਹੈ ਨਰ, ਸੋ ਨਿਸਚੈ ਕਰਿ ਤਾਹਿ ਦਈ ਹੈ॥ (ਚੰਡੀ ਚਰਿਤ੍ਰ ਉਕਤਿ ਪਾ.10)


ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥ (ਵਾਰ ਚੰਡੀ ਪਾ.10)


ਸਿੱਖ: ਪਿਆਰੇ ਹਿੰਦੂ ਭਾਈ! ਗੁਰੂ ਸਾਹਿਬ ਨੇ ਅਕਾਲ ਪੁਰਖ ਨੂੰ ਤ੍ਰਿਲਿੰਗ ਰੂਪ ਵਰਨਣ ਕੀਤਾ ਹੈ, ਯਥਾ


ਨਮੋ ਪਰਮ ਗਿਆਤਾ॥ ਨਮੋ ਲੋਕ ਮਾਤਾ॥52॥


ਇਸ ਥਾਂ ਕਾਲਿਕਾ ਪਦ ਦਾ ਅਰਥ ਅਕਾਲ ਤੋਂ ਭਿਨ ਕੋਈ ਦੇਵੀ ਨਹੀਂ ਹੈ। ਜੇ ਦੇਵੀ ਦੀ ੳਪਾਸਨਾ ਹੁੰਦੀ ਤਦ ਅਗੇ “ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥“ ਦੀ ਥਾਂ “ਤ੍ਰੈ ਤੇ ਏਕ ਰੂਪ ਹ੍ਵੈ ਗਯੋ॥“ ਦਾ ਪਾਠ ਹੁੰਦਾ ਅਰ “ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ” ਦੀ ਥਾਂ “ਅਕਾਲ ਅਰ ਕਾਲਿਕਾ ਬਾਚ” ਹੁੰਦਾ। ਆਪ ਨੂੰ ਨਿਰਸੰਦੇਹ ਕਰਨ ਲਈ ਅਸੀਂ ਪ੍ਰਬਲ ਪੰਜ ਯੁਕਤੀਆਂ ਨਾਲ ਦੇਵੀ ਦੇ ਪੂਜਨ ਦਾ ਖੰਡਨ ਦਿਖਾਉਂਦੇ ਹਾਂ।


 


(ੳ) ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ:


ਬਿਨ ਕਰਤਾਰ ਨ ਕਿਰਤਮ ਮਾਨੋ॥ (ਸ਼ਬਸ ਹਜ਼ਾਰੇ ਪਾ.10)


ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ।


 


ਔਰ ਚੰਡੀ ਦੀ ਵਾਰ ਵਿਚ ਜ਼ਿਕਰ ਹੈ:


ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸੁ ਕਰਾਇਆ॥...॥2॥ (ਵਾਰ ਚੰਡੀ ਪਾ.10)


ਇਸ ਤੋਂ ਸਿਧ ਹੈ ਕੀ ਦੁਰਗਾ ਸਾਜਣ ਵਾਲਾ ਕਰਤਾਰ ਹੋਰ ਹੈ ਔਰ ਦੁਰਗਾ ਉਸ ਦੀ ਰਚੀ ਹੋਈ ਹੈ। ਕੀ ਇਹ ਹੋ ਸਕਦਾ ਹੈ ਕਿ ਗੁਰੂ ਹੀ ਸਿੱਖਾਂ ਨੂੰ ਉਪਦੇਸ਼ ਕੁਛ ਦੇਣ ਤੇ ਆਪ ਅਮਲ ਕੁਛ ਹੋਰ ਕਰਨ? ਅਰਥਾਤ ਸਿੱਖਾਂ ਨੂੰ ਕਰਤਾਰ ਪੂਜਣਾ ਦੱਸਣ ਤੇ ਆਪ ਕਰੀ ਹੋਈ ਵਸਤੂ ਦੇ ਉਪਾਸਕ ਬਣਨ?


 


(ਅ) ਗੁਰੂ ਸਾਹਿਬ ਪ੍ਰਤੱਗਿਤਾ ਕਰਦੇ ਹਨ:


ਤੁਮਹਿ ਛਾਡਿ ਕੋਈ ਅਵਰ ਨ ਧਿਆਊਂ ॥


ਜੋ ਬਰ ਚਾਹੋਂ ਸੋ ਤੁਮ ਤੇ ਪਾਊਂ ॥ (ਚੌਪਈ ਪਾ. 10)


ਇਕ ਬਿਨ ਦੂਸਰ ਸੋ ਨ ਚਿਨਾਰ ॥ (ਸ਼ਬਦ ਹਜ਼ਾਰੇ ਪਾ.10)


ਭਜੋ ਸੋ ਏਕ ਨਾਮਯੰ ॥ ਜੁ ਕਾਮ ਸਰਬ ਠਿਮਯੰ ॥


ਨ ਧਯਾਨ ਆਨ ਕੋ ਧਰੋਂ ॥  ਨ ਨਾਮ ਆਨ ਉਚਰੋਂ ॥.... ॥38॥ (ਬਚਿਤ੍ਰ ਨਾਟਕ ਅਧਿਆ 6)


 


ਕੀ ਐਸਾ ਹੋ ਸਕਦਾ ਹੈ ਕਿ ਗੁਰੂ ਸਾਹਿਬ ਆਪਣੀ ਪ੍ਰਤੱਗਿਆ ਦੇ ਵਿਰੁੱਧ ਦੇਵੀ ਪੂਜਨ ਕਰਨ?


(ੲ) ਗ੍ਰੰਥ ਕਰਤਾ ਜਿਸ ਦੇਵਤਾ ਨੂੰ ਪੂਜਦਾ ਹੈ, ਆਪਣੀ ਰਚਨਾ ਦੇ ਆਦ ਵਿਚ ਆਪਣੇ ਪੂਜ ਦੇਵਤਾ ਦਾ ਨਾਉਂ ਲੈ ਕੇ ਮੰਗਲ ਕਰਦਾ ਹੈ, ਬਲਕਿ ਵਿਦਵਾਨ ਲੋਕ ਗ੍ਰੰਥ ਦਾ ਮੰਗਲਾਚਰਣ ਦੇਖ ਕੇ ਹੀ ਇਸ਼ਟ ਸਮਝ ਲੈਂਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ:


ੴ ਸਤਿਗੁਰ ਪ੍ਰਸਾਦਿ॥ ੴ ਵਾਹਿਗੁਰੂ ਜੀ ਕਿ ਫਤਹ॥


ਏਹੀ ਮੰਗਲਾਚਰਣ ਸ੍ਰੀ ਮੁਖਵਾਕ ਬਾਣੀ ਦੇ ਆਦਿ ਰੱਖਿਆ ਹੈ, ਫੇਰ ਕਿਸ ਤਰਾਂ ਖਿਆਲ ਕੀਤਾ ਜਾ ਸਕਦਾ ਹੈ, ਕਿ ਦਸਮ ਗੁਰੂ ਜੀ ਦੇਵੀ ਭਗਤ ਸਨ?


(ਸ) ਸਿੱਖਾਂ ਵਿਚ ਦਸ ਸਤਿਗੁਰੂ ਇਕ ਰੂਪ ਮੰਨੇ ਗਏ ਹਨ, ਜੋ ਆਸ਼ਾ ਗੁਰੂ ਨਾਨਕ ਦੇਵ ਦਾ ਹੈ, ਉਹੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਹ ਬਚਨ ਹਨ.


ਭਰਮੇ ਸੁਰ ਨਰ ਦੇਵੀ ਦੇਵਾ ॥ (ਗਉੜੀ ਬਾਵਨ ਅਖਰੀ ਮ.5, ਪੰਨਾ 258)


ਦੇਵੀਆ ਨਹੀ ਜਾਨੈ ਮਰਮ ॥ (ਰਾਮਕਲੀ ਮ.5, ਪੰਨਾ 894)


ਮਹਾ ਮਾਈ ਕੀ ਪੂਜਾ ਕਰੈ ॥


ਨਰ ਸੇ ਨਾਰੀ  ਹੋਇ ਅਉਤਰੇ ॥3॥


ਤੂ ਕਹੀਅਤ ਹੀ ਆਦਿ ਭਵਾਨੀ ॥


ਮੁਕਤਿ ਕੀ ਬਰੀਆ ਕਹਾ ਛਪਾਨੀ ॥ (ਗੋਂਡ ਨਾਮਦੇਵ, ਪੰਨਾ 874)


 


ਔਰ ਫਿਰ ਆਪ ਕਲਗੀਧਰ ਅਕਾਲ ਉਸਤਤ ਵਿਚ ਲਿਖਦੇ ਹਨ.


ਚਰਨ ਸਰਨ ਜਿਹ ਬਸਤ ਭਵਾਨੀ॥....॥5॥


ਅਰਥਾਤ ਦੇਵੀ ਅਕਾਲ ਦੇ ਚਰਨਾ ਦੀ ਦਾਸੀ ਹੈ, ਔਰ ਇਸ ਪਰ ਸਤਿਗੁਰਾਂ ਦਾ ਬਚਨ ਹੈ ਕਿ.


 ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ॥ (ਭੈਰਉ ਮ.5, ਪੰਨਾ 1138)


ਔਰ ਜਿਸ ਦੇਵੀ ਨੂੰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਝਾੜੂ ਬਰਦਾਰ ਮੰਨਿਆ, ਤਦ ਕਿਸ ਤਰਾਂ ਹੋ ਸਕਦਾ ਹੈ ਕਿ ਉਸੀ ਗੁਰਗਦੀ ਦੇ ਮਾਲਕ ਆਪਣੇ ਬਜ਼ੁਰਗਾਂ ਦੇ ਆਸ਼ੇ ਤੋਂ ਵਿਰੁੱਧ ਔਰ ਆਪਣੇ ਲੇਖ ਦੇ ਵਿਰੁੱਧ ਦੇਵੀ ਦੀ ਉਪਾਸ਼ਨਾ ਕਰਦੇ?


 (ਹ) ਭਾਈ ਮਨੀ ਸਿੰਘ ਜੀ ਨੇ ਦਸਵੇਂ ਗੁਰੂ ਸਾਹਿਬ ਤੋਂ ਅੰਮਿ੍ਤ ਛਕਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪੜ੍ਹੇ, ਉਹ ਭਾਈ ਸਾਹਿਬ ‘ਗਿਆਨ ਰਤਨਾਵਲੀ’ ਦੇ ਆਦਿ ਵਿਚ ਇਹ ਮੰਗਲਾਚਰਨ ਕਰਦੇ ਹਨ.


“ਨਾਮ ਸਭ ਦੇਵਾਂ ਦਾ ਦੇਵ ਹੈ, ਕੋਈ ਦੇਵੀ ਨੂੰ ਮਨਾਂਵਦਾ ਹੈ, ਕੋਈ ਸ਼ਿਵਾ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ, ਗੁਰੂ ਕਾ ਸਿੱਖ ਸਤਿਨਾਮ ਨੂੰ ਅਰਾਧਦੇ ਹੈਨ, ਜਿਸ ਕਰਕੇ ਸਭ ਵਿਘਨ ਨਾਸ ਹੁੰਦੇ ਹਨ, ਤਾਂ ਤੇ ਸਤਿਨਾਮ ਦਾ ਮੰਗਲਾਚਾਰ ਆਦਿ ਰਖਿਆ ਹੈ।“


ਜੇ ਦਸਵੇਂ ਸਤਿਗੁਰੂ ਦਾ ਇਸ਼ਟ ਦੇਵੀ ਹੁੰਦੀ, ਤਾਂ ਕੀ ਭਾਈ ਮਨੀ ਸਿੰਘ ਜੀ ਆਪਣੇ ਗੁਰੂ ਦੀ ਪੂਜਯ ਦੇਵੀ ਬਾਬਤ ਐਸਾ ਲਿਖ ਸਕਦੇ ਸਨ? ਔਰ ਪਿਆਰੇ ਹਿੰਦੂ ਜੀ! ਆਪ ਨੇ ਜੋ ਦੇਵੀ ਦੇ ਮਹਾਤਮ ਬਾਬਤ ਆਖਿਆ ਹੈ ਸੋ ਉਹ ਦਸਵੇਂ ਸਤਿਗੁਰ ਦਾ ਉਪਦੇਸ਼ ਨਹੀਂ, ਉਹ ਮਾਰਕੰਡੇ ਪੁਰਾਣ ਵਿਚੋਂ ‘ਦੁਰਗਾ ਸਪਤਸ਼ਤੀ’ ਦਾ ਤਰਜਮਾ ਹੈ, ਜੇਹਾ ਕਿ ਚੰਡੀ ਚਿਰਤ੍ਰ ਵਿਚੋਂ ਹੀ ਸਿੱਧ ਹੁੰਦਾ ਹੈ.


 ਸਤ ਸੈ ਕੀ ਕਥਾ ਯਹਿ ਪੂਰੀ ਭਈ ਹੈ॥...॥232॥


ਬਲਕਿ ਅਸਲੀ ਸੰਸਕ੍ਰਿਤ ਪੁਸਤਕ ਵਿਚ ਬਹੁਤ ਵਿਸਥਾਰ ਨਾਲ ਮਹਾਤਮ ਲਿਖਿਆ ਹੈ, ਜਿਸ ਦਾ ਸੰਖੇਪ ਇਹ ਹੈ:


“ਦੇਵੀ ਕਹਿੰਦੀ ਹੈ ਜੋ ਮੇਰੀ ਇਸ ਪੁਸਤਕ ਨੂੰ ਸੁਣਦਾ ਹੈ ਔਰ ਨਿਤ ਪੜ੍ਹਦਾ ਹੈ, ਉਸ ਦੇ ਸਭ ਦੁਖ, ਪਾਪ, ਦਰਿਦ੍ਰ ਆਦਿਕ ਨਾਸ ਹੋ ਜਾਂਦੇ ਹਨ, ਦੁਸ਼ਮਣ ਚੋਰ, ਰਾਜਾ, ਸ਼ਸਤ੍ਰ ਔਰ ਅਗਨੀ, ਇਨ੍ਹਾਂ ਸਭਨਾ ਦਾ ਡਰ ਜਾਂਦਾ ਰਹਿੰਦਾ ਹੈ, ਯੁੱਧ ਵਿਚ ਪੁਰਸ਼ਾਰਥ ਵਧਦਾ ਹੈ, ਵੈਰੀ ਮਰ ਜਾਂਦੇ ਹਨ, ਮੁਕਤੀ ਮਿਲਦੀ ਹੈ, ਕੁਲ ਦਾ ਵਾਧਾ ਹੁੰਦਾ ਹੈ, ਗ੍ਰਹਾਂ ਦੀ ਪੀੜਾ ਸ਼ੇਰ, ਜੰਗਲੀ ਹਾਥੀ ਇਨ੍ਹਾਂ ਤੋਂ ਘਿਰਿਆ ਹੋਇਆ ਛੁਟਕਾਰਾ ਪਾਉਂਦਾ ਹੈ, ਰਾਜੇ ਤੋਂ ਜੇ ਮਾਰਨ ਦਾ ਹੁਕਮ ਹੋ ਜਾਵੇ, ਅਥਵਾ ਕੈਦ ਹੋਵੇ, ਸਮੁੰਦਰ ਵਿਚ ਤੂਫਾਨ ਆ ਜਾਵੇ, ਇਨ੍ਹਾਂ ਸਭ ਦੁੱਖਾਂ ਤੋਂ ਬਚ ਜਾਂਦਾ ਹੈ।“ (ਇਤਿਆਦਿਕ) (ਦੁਰਗਾ ਸਪਤਸ਼ਤੀ ਅ. 12 ਸਲੋਕ 1-29)


ਇਸੇ ਦਾ ਸੰਖੇਪ ਹੈ:


ਜਾਹਿ ਨਮਿਤ ਪੜ੍ਹੈ ਸੁਨਹੈ ਨਰ....॥4॥ (ਚੰਡੀ ਚਰਿਤ੍ਰ ਉਕਤਿ 232 ਪਾ.10)


ਔਰ:


ਫੇਰ ਨ ਜੂਨੀ ਆਇਆ....॥55॥ (ਵਾਰ ਚੰਡੀ ਪਾ.10)


 




ਮਹਾਕਾਲ - (ਸੰਗਯਾ) (1) ਕਾਲ ਦਾ ਭੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਅੰਤ ਕਰਨ ਵਾਲੇ ਭੀ ਜਿਸ ਵਿੱਚ ਲੈ ਹੋ ਜਾਂਦੇ ਹਨ. ਵਾਹਗੁਰੂ। ਪਾਰਭ੍ਰਹਮ। ''ਮਹਾਕਾਲ ਰਖਵਾਰ ਹਮਾਰੋ'' (ਕ੍ਰਿਸ਼ਨਾਵਤਾਰ). (2) ਉਹ ਲੰਮਾ ਸਮਾਂ, ਜਿਸ ਦਾ ਅੰਤ ਅਸੀਂ ਨਹੀਂ ਜਾਣ ਸਕਦੇ। (3) ਸਮੇਂ ਨੂੰ ਹੀ ਕਰਤਾ ਹਰਤਾ ਮੰਨਣ ਵਾਲਿਆਂ ਦੇ ਮਤ ਅਨੁਸਾਰ ਅਨੰਤ ਰੂਪ ਕਾਲ।...''ਗਯਾਨ ਹੂੰ ਕੇ ਗਯਾਤਾ ਮਹਾ ਬੁੱਧਿਤਾ ਕੇ ਦਾਤਾ ਦੇਵ, ਕਾਲ ਹੂੰ ਕੇ ਕਾਲ ਮਹਾਕਾਲ ਹੂੰ ਕਾ ਕਾਲ ਹੌਂ'' (ਅਕਾਲ ਉਸਤਤ)


('ਮਹਾਨ ਕੋਸ਼' ਭਾਈ ਕਾਹਨ ਸਿੰਘ ਨਾਭਾ)


 

Back to top


HomeProgramsHukamNamaResourcesContact •