‘ਅਬ ਵਾਰ ਦੁਰਗਾ ਕੀ ਲਿਖਯਤੇ’ ਅਰਥਾਤ ‘ਚੰਡੀ ਦੀ ਵਾਰ’

- ਡਾ. ਗੁਰਨਾਮ ਕੌਰ



ਯੁੱਧ ਸਬੰਧੀ ਕਾਵਿ ਨੂੰ ‘ਵਾਰ’ ਕਹਿੰਦੇ ਹਨ। ਅਜਿਹਾ ਕਾਵਿ ਜਿਸ ਵਿਚ ਯੋਧਿਆਂ ਦੀ ਸੂਰਬੀਰਤਾ ਦਾ ਵਰਣਨ ਕੀਤਾ ਹੋਵੇ। ਅਜਿਹੀ ਰਚਨਾ ਨੂੰ ਵੀ ਵਾਰ ਕਹਿੰਦੇ ਹਨ ਜਿਸ ਵਿਚ ਕਵਿਤਾ ਦੀ ਇਕ ਖਾਸ ਵਿਧੀ ‘ਪਉੜੀ’ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਨਮੂਨਾ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਵਾਰ ਆਸਾ ਕੀ, ਮਾਝ ਦੀ ਵਾਰ ਅਤੇ ਹੋਰ ਰਾਗਾਂ ਵਿਚ ਵਾਰਾਂ ਹਨ। ਇਨ੍ਹਾਂ ਵਾਰਾਂ ਉਤੇ ਵੀ ਲਿਖਿਆ ਹੈ ਕਿ ਪੰਜਾਬੀ ਸਭਿਆਚਾਰ ਵਿਚ ਪ੍ਰਚੱਲਤ ਕਿਸ ਵਾਰ ਦੀ ਧੁੰਨੀ ਤੇ ਗਾਉਣਾ ਹੈ ਜਿਵੇਂ “ਟੁੰਡੇ ਅਸਰਾਜੇ ਕੀ ਧੁੰਨੀ ਗਾਵਣਾ”। ਇਹ ਪ੍ਰਚਲਤ ਵਾਰਾਂ ਵੀ ਬੀਰ-ਰਸ ਨਾਲ ਭਰਭੂਰ ਹਨ। ਚੰਡੀ ਦੀ ਵਾਰ ਜਾਂ ਦੁਰਗਾ ਦੀ ਵਾਰ ਦਾ ਸਬੰਧ ਵੀ ਬੀਰ-ਰਸ ਨਾਲ ਹੈ।  


 ਜੋਨ ਡੋਸਨ ਅਨੁਸਾਰ “ਇਹ ਸ਼ਿਵ ਜੀ ਦੀ ਪਤਨੀ ਅਤੇ ਹਿਮਾਵਤ (ਹਿਮਾਲਿਆ) ਦੀ ਧੀ ਹੈ। ਮਹਾਂਭਾਰਤ ਵਿਚ ਇਸ ਦੇ ਕਈ ਨਾਵਾਂ ਅਤੇ ਅਨੇਕ ਵਿਲੱਖਣ ਲਛਣਾਂ ਸਮੇਤ ਵਰਨਣ ਕੀਤਾ ਗਿਆ ਹੈ, ਪਰ ਪੁਰਾਣਾ ਅਤੇ ਪਿਛਲੇਰੀਆਂ ਰਚਨਾਵਾਂ ਵਿਚ ਇਸ ਦੀ ਵਿਸ਼ੇਸ਼ਤਾ ਵਧੇਰੇ ਰੂਪਮਾਨ ਹੋਈ ਹੈ। ਸ਼ਕਤੀ ਅਰਥਾਤ ਸ਼ਿਵਜੀ ਦੇ ਇਸਤ੍ਰੀ ਸ਼ਕਤੀ ਦੇ ਰੂਪ ਵਿਚ ਇਸ ਦੇ ਦੋ ਸਰੂਪ ਹਨ, ਇਕ ਸਨਿਮਰ ਅਤੇ ਦੂਸਰਾ ਭਿਅੰਕਰ ਇਸ ਦੇ ਦੂਸਰੇ ਸਰੂਪ ਦੀ ਵਿਸ਼ੇਸ ਕਰਕੇ ਅਰਾਧਨਾ ਕੀਤੀ ਜਾਂਦੀ ਹੈ। ਇਸ ਦੇ ਅਨੇਕਾਂ ਨਾਂ ਹਨ ਜਿਹੜੇ ਇਸ ਦੇ ਭਿੰਨ ਭਿੰਨ ਰੂਪਾਂ, ਗੁਣਾਂ ਅਤੇ ਕਰਮਾਂ ਨਾਲ ਸਬੰਧ ਰਖਦੇ ਹਨ, ਪਰ ਇਹ ਨਾਂ ਹਮੇਸ਼ਾ ਠੀਕ ਅਤੇ ਨਿਖੜਵੇਂ ਰੂਪ ਵਿਚ ਪ੍ਰਯੋਗ ਨਹੀਂ ਕੀਤੇ ਜਾਂਦੇ। ਆਪਣੇ ਸਨਿਮਰ ਰੂਪ ਵਿਚ ਇਹ ਦੇਵੀ ਉਮਾ ‘ਪ੍ਰਕਾਸ਼’, ਸੁੰਦਰਤਾ ਦੀ ਮੂਰਤੀ ਗੌਰੀ, ‘ਪੀਲੇ ਰੰਗ ਵਾਲੀ’ ਜਾਂ ‘ਪ੍ਰਤਿਭਾ ਵਾਲੀ’, ਪਾਰਬਤੀ ‘ਪਹਾੜਨ’ ਅਤੇ ਕੁਝ ਦੇ ਨਾਂ ਵਜੋਂ ਹੈਮਵਤੀ ਜਗਨ ਮਾਤਾ, ਸੰਸਾਰ ਦੀ ਮਾਂ’ ਅਤੇ ਭਵਾਨੀ ਹੈ। ਭਿਅੰਕਰ ਰੂਪ ਵਿਚ ਇਹ ਦੁਰਗਾ ਅਪਹੁੰਚ, ਕਾਲੀ ਤੇ ਸ਼ਯਾਮਾ, ‘ਕਾਲੇ ਰੰਗ ਦੀ’ ਅਤੇ ਚੰਡਿਕਾ; ਭਿਅੰਕਰ ਅਤੇ ਭੈਰਵੀ ਵਿਕਰਾਲ ਹੈ। “ਚੰਡੀ ਮਾਹਾਤਮਯ” ਜਿਸ ਵਿਚ ਦੇਵੀ ਦੀਆਂ ਰਾਖਸ਼ਾਂ ਉਤੇ ਹੋਈਆਂ ਜਿੱਤਾਂ ਦਾ ਵਰਣਨ ਕੀਤਾ ਗਿਆ ਹੈ ਉਸ ਵਿਚ ਇਸ ਦਾ ਨਿਮਨ ਲਿਖਤ ਨਾਵਾਂ ਅਧੀਨ ਵਰਣਨ ਮਿਲਦਾ ਹੈ। “ਦੁਰਗਾ, ਜਦੋਂ ਇਸ ਨੂੰ ਰਾਖ਼ਸ਼ਾਂ ਦਾ ਦੂਤ ਮਿਲਿਆ…… ਆਦਿ”।


 ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਮਾਜਕ ਬਰਾਬਰੀ, ਧਰਮ ਦੀ ਬਹਾਲੀ, ਮਨੁੱਖੀ ਸਵੈਮਾਨ ਅਤੇ ਉਸ ਦੀ ਮੁੱਢਲੀ ਆਜ਼ਾਦੀ ਦੀ ਬਹਾਲੀ ਦਾ ਜੋ ਕਾਰਜ ਅਰੰਭ ਕੀਤਾ ਸੀ ਉਸ ਮਿਸ਼ਨ ਦੀ ਪੂਰਤੀ ਲਈ ਸਭ ਤੋਂ ਜ਼ਰੂਰੀ ਅਤੇ ਅਹਿਮ ਲੋੜ ਸੀ ਮਾਨਵ ਮਾਨਸਿਕਤਾ ਨੂੰ ਬਦਲਣ ਦੀ। ਸਦੀਆਂ ਤੋਂ ਵਰਣ-ਆਸ਼ਰਮੀ ਊਚ-ਨੀਚ, ਯੋਗ ਅਤੇ ਤਿਆਗ ਦੀ ਭਾਂਜਵਾਦੀ ਰੁਚੀ, ਕਰਮ-ਕਾਂਡੀ ਵਹਿਮ ਰਾਹੀਂ ਮਸ਼ਰੂਤ ਹੋ ਚੁੱਕੀ ਮਾਨਸਿਕਤਾ ਨੂੰ ਬਦਲਣਾ ਕੋਈ ਸੌਖਾ ਕੰਮ ਨਹੀਂ ਸੀ। ਇਹ ਕਾਰਜ਼ ਇਕ ਜਾਮੇ ਵਿਚ ਪੂਰਾ ਨਹੀਂ ਹੋ ਸਕਦਾ ਇਸ ਦਾ ਅਨੁਭਵ ਗੁਰੁ ਨਾਨਕ ਦੇਵ ਜੀ ਨੂੰ ਆਪਣੀ ਦਿਬ-ਦ੍ਰਿਸ਼ਟੀ ਰਾਹੀ ਹੋ ਗਿਆ ਹੋਇਆ ਸੀ। ਇਸੇ ਲਈ ਉਹਨਾਂ ਨੇ ਆਪਣੀ ਜੋਤਿ ਭਾਈ ਲਹਿਣੇ ਵਿਚ ਰੱਖ ਕੇ ਉਸ ਨੂੰ ਗੁਰੁ ਅੰਗਦ ਦੇਵ ਥਾਪਿਆ। ਇਸ ਮਿਸ਼ਨ ਦੀ ਪੂਰਤੀ ਹਿੱਤ ਨੌਂ ਗੁਰੁ ਸਾਹਿਬਾਨ ਨੇ ਆਪਣਾ ਆਪਣਾ ਯੋਗਦਾਨ ਪਾਇਆ। ਪੰਚਮ ਪਾਤਿਸ਼ਾਹ ਗੁਰੁ ਅਰਜਨ ਦੇਵ ਜੀ ਅਤੇ ਨੌਂਵੀ ਨਾਨਕ ਜੋਤਿ ਗੁਰੁ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣੀ ਪਈ। ਛੇਵੀਂ ਜੋਤਿ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸੰਤ ਅਤੇ ਸਿਪਾਹੀ ਨੂੰ ਇਕ ਕਰ ਦਿਤਾ। ਮਨੁੱਖ ਦੇ ਸੰਪੂਰਨ ਵਿਕਾਸ ਲਈ ਇਹ ਜਰੂਰੀ ਸੀ। ਇਸੇ ਕਾਰਜ ਦੀ ਪੂਰਤੀ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਦੀ ਰਚਨਾ ਕੀਤੀ। ਦਸਵੀਂ ਜੋਤਿ ਗੁਰੁ ਗੋਬਿੰਦ ਸਿੰਘ ਜੀ ਨੇ ਇਸ ਕਾਰਜ ਨੂੰ ਸੰਪੂਰਨਤਾ ਬਖਸ਼ਣ ਹਿੱਤ ਇਹ ਜੋਰਦਾਰ ਮੁਹਿੰਮ ਚਲਾਈ। ਇੱਕ ਵਿਦਵਾਨ ਅਨੁਸਾਰ, “ਗੁਰੁ ਸਾਹਿਬ ਜਾਣਦੇ ਸਨ ਕਿ ਕੌਮਾਂ ਦੇ ਮਨਾਂ, ਸੁਭਾਵਾਂ, ਰੁਚੀਆਂ ਅਤੇ ਆਚਰਨ ਨੂੰ ਘੜਨ ਅਤੇ ਖਾਸ ਸੰਚੇ ਵਿਚ ਢਾਲਣ ਦੇ ਕੰਮ ਵਿਚ ਸਾਹਿਤ, ਖਾਸ ਕਰਕੇ ਕਵਿਤਾ ਦੇ ਰੂਪ ਵਿਚਲਾ ਸਾਹਿਤ ਬਹੁਤ ਗੁਣਕਾਰੀ ਹੁੰਦਾ ਹੈ। ਇਸ ਵਾਸਤੇ ਕੌਮ ਉਸਾਰੀ ਦੇ ਪ੍ਰੋਗਰਾਮ ਵਿਚ ਆਪ ਨੇ ਪਹਿਲਾ ਨੰਬਰ ਸਾਹਿਤ ਦੀ ਰਚਨਾ ਨੂੰ ਦਿੱਤਾ। ਆਪ ਨੇ ਸੰਸਕ੍ਰਿਤ ਦੇ ਪੁਰਾਤਨ ਗ੍ਰੰਥ ਪੜ੍ਹੇ ਅਤੇ ਵਿਚਾਰੇ। ਫੇਰ ਆਪ ਨੇ ਪੁਰਾਣਾਂ, ਰਾਮਾਇਣ, ਮਹਾਂਭਾਰਤ ਆਦਿ ਦੇ ਸੂਰਮਿਆਂ ਦੀਆਂ ਕਥਾਵਾਂ ਦਾ ਉਲਥਾ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਮਹਾਨ ਕੰਮ ਵਿਚ ਛੇਤੀ ਸਫਲਤਾ ਪ੍ਰਾਪਤ ਕਰਨ ਦੀ ਖਤਾਰ ਆਪ ਨੇ ਦੇਸ਼ ਭਰ ਦੇ ਕਵੀਆਂ ਨੂੰ ਸੱਦਾ ਦਿੱਤਾ ਅਤੇ ਆਪਣੇ ਦਰਬਾਰ ਵਿਚ ਰੱਖਿਆ। ਇਨ੍ਹਾਂ ਵਿਚੋਂ ਉਘੇ ਕਵੀਆਂ ਦੀ ਗਿਣਤੀ 52 ਸੀ। ਸਿੱਖ ਧਰਮ ਦੀ ਖੁਸ਼ਬੋ ਸਾਰੇ ਹਿੰਦੁਸਤਾਨ ਵਿਚ ਦੂਰ ਦੂਰ ਤਕ ਫੈਲ ਚੁੱਕੀ ਸੀ। ਮੁਗਲੀਆ ਹਕੂਮਤ ਦੇ ਜ਼ੁਲਮ ਪਰਜਾ ਤੇ ਦਿਨੋ ਦਿਨ ਵਧਦੇ ਜਾਂਦੇ ਸੀ। ਕੋਮਲ ਕਵੀ ਰੂਹਾਂ ਆਪਣੇ ਆਪ ਗੁਰੁ ਦਰਬਾਰ ਵੱਲ ਖਿਚੀਆਂ ਆ ਰਹੀਆਂ ਸਨ। ਭਾਈ ਨੰਦ ਲਾਲ ਵਰਗੇ ਮਹਾਨ ਕਵੀਆਂ ਦਾ ਗੁਰੁ ਚਰਨਾਂ ਵਿਚ ਆਉਣਾ ਇਸੇ ਖੁਸ਼ਬੋ ਦਾ ਕ੍ਰਿਸ਼ਮਾ ਸੀ।


 ਦਸਮ ਪਾਤਿਸ਼ਾਹ ਹਜ਼ੂਰ ਤੱਕ ਪਹੁੰਚਦਿਆਂ ਮਾਨਵ ਮਾਨਸਿਕਤਾ ਵਿਚ ਏਨਾ ਕੁ ਬਦਲਾਅ ਆ ਚੁੱਕਾ ਸੀ ਕਿ ਉਸ ਨੂੰ ਤਿਆਰ-ਬਰ-ਤਿਆਰ ਸੰਤ ਅਤੇ ਸਿਪਾਹੀ ਦੇ ਸਿਖਰਲੇ ਸਰੂਪ ਖਾਲਸਾ ਵਿਚ ਤਬਦੀਲ ਕੀਤਾ ਜਾ ਸਕੇ। ਔਰੰਗਜ਼ੇਬੀ ਦਮਨਕਾਰੀ ਸ਼ਕਤੀਆਂ ਦਾ ਬੋਝ ਧਰਤੀ ਤੇ ਵਧਦਾ ਜਾਂਦਾ ਸੀ ਜਿਨ੍ਹਾਂ ਨੂੰ ਹਥਿਆਰਬੰਦ ਟੱਕਰ ਦੇਣੀ ਜ਼ਰੂਰੀ ਹੋ ਗਈ ਸੀ। ਇਹ ਨੌਵੀਂ ਨਾਨਕ ਜੋਤਿ ਗੁਰੂ ਤੇਗ ਬਹਾਦਰ ਜੀ ਦੀ ‘ਧਰਮ ਹੇਤਿ’ ਦਿੱਤੀ ਸ਼ਹੀਦੀ ਨੇ ਸਾਬਤ ਕਰ ਦਿੱਤਾ ਸੀ। ਗੁਰੂ ਮਹਾਰਾਜ ਨੇ ਸਿੱਖ ਨੂੰ ਸਿੰਘ ਸਜਾਉਣ ਦੇ ਆ ਚੁੱਕੇ ਵਕਤ ਨੂੰ ਅਨੁਭਵ ਕਰ ਲਿਆ ਸੀ। ਇਸ ਲਈ ਉਹਨਾਂ ਨੇ ਕੌਂਮ ਉਸਾਰੀ ਦੇ ਪ੍ਰੋਗਰਾਮ ਦੀ ਪੂਰਤੀ ਵਾਸਤੇ ਖਾਲਸਾ ਸਾਜਣ ਦਾ ਨਿਸ਼ਚਾ ਕਰ ਲਿਆ। ਦਸ਼ਮੇਸ਼ ਦੇ ਦਰਬਾਰ ਵਿਚ ਹਰ ਤਰ੍ਹਾਂ ਦੇ ਵਿਦਵਾਨ ਸਨ। “ਕੁਝ ਵਿਦਵਾਨ ਪੰਡਤਾਂ ਦਾ ਕਹਿਣਾ ਸੀ ਕਿ ਦੁਰਗਾ ਦੇਵੀ ਨੂੰ ਖੁਸ਼ ਕਰਨ ਲਈ ਹਵਨ-ਜੱਗ ਕੀਤਾ ਜਾਵੇ ਅਤੇ ਉਸ ਤੋਂ ਵਰ ਮੰਗਿਆ ਜਾਵੇ ਤਾਂ ਉਹ ਸਾਰੇ ਕਸ਼ਟ ਦੂਰ ਕਰ ਦੇਵੇਗੀ”। ਗੁਰਮਤਿ ਸਿਧਾਂਤ ਇਕ ਅਕਾਲ ਪੁਰਖ ਦੀ ਅਰਾਧਨਾਂ ਤੋਂ ਬਿਨਾਂ ਹੋਰ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ-ਅਰਚਨਾ ਨੂੰ ਨਹੀਂ ਮੰਨਦਾ ਅਤੇ ਨਾ ਹੀ ਅਵਤਾਰਵਾਦ ਵਿਚ ਵਿਸ਼ਵਾਸ਼ ਰੱਖਦਾ ਹੈ। ਇਹ ਸਿਧਾਂਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਨਹੀਂ ਮਿਲਦਾ ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਵੀ ਸਥਾਪਤ ਹੈ। ਗੁਰੂ ਮਹਾਰਾਜ ਅਨੁਸਾਰ ਅਰਾਧਨਾ ਤਾਂ ਸਿਰਫ ਉਸ ਇਕ ਦੀ ਕੀਤੀ ਜਾਣੀ ਹੈ ਜੋ:


  ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ

  ਆਦਿ ਪੁਰਖ ਉਦਾਰ ਮੂਰਤਿ, ਅਜੋਨਿ ਆਦਿ ਅਸੇਖ।

  ਦੇਸ ਅਉਰ ਨ ਭੇਸ ਜਾਕਰ, ਰੂਪ ਰੇਖ ਨ ਰਾਗ।  

  ਜੱਤ੍ਰ ਤੱਤ੍ਰ ਦਿਸਾ ਵਿਸਾ, ਹੁਇ ਫੈਲਿਓ ਅਨੁਰਾਗ॥2॥76॥ (ਜਾਪੁ ਸਾਹਿਬ)


    ਅਤੇ 


  ਬਿਨ ਕਰਤਾਰ ਨ ਕਿਰਤਮ ਮਾਨੋਂ (ਸ਼ਬਦ ਹਜ਼ਾਰੇ)


 ਦੇਵੀ-ਦੇਵਤਿਆਂ ਦੇ ਪਰਗਟ ਹੋਣ ਫਿਰ ਭਗਤਾਂ ਦੀ ਸਹਾਇਤਾ ਕਰਨ ਦੇ ਸਿਧਾਂਤ ਦੀ ਨਿਰਾਰਥਕਤਾ ਨੂੰ ਸਪਸ਼ਟ ਸਾਹਮਣੇ ਲਿਆਉਣ ਵਾਸਤੇ ਗੁਰੂ ਸਾਹਿਬ ਨੇ ਯੋਜਨਾ ਬਣਾਈ। ਪੰਡਤ ਕੇਸ਼ੋਰਾਮ ਨੂੰ ਬਨਾਰਸ ਤੋਂ ਸਦ ਕੇ ਹਵਨ ਕਰਨ ਲਈ ਕਿਹਾ ਗਿਆ ਤਾਂ ਕਿ ਉਹ ਦੇਵੀ ਦੁਰਗਾ ਨੂੰ ਪਰਗਟ ਕਰੇ। ਪੰਡਤ ਨੇ ਖੂਬ ਸਮੱਗਰੀ ਬਾਲੀ ਅਤੇ ਹਜ਼ਾਰਾਂ ਮੰਤ੍ਰ ਪੜ੍ਹੇ। ਦੇਵੀ ਦੇ ਮਿੰਨਤਾ ਤਰਲੇ ਕੀਤੇ ਪਰ ਉਹ ਪਰਗਟ ਨਾ ਹੋਈ। ਪੰਡਤ ਕੇਸ਼ੋ ਦਾਸ ਖਿਸਕ ਗਿਆ। ਗੁਰੁ ਜੀ ਨੇ ਰਹਿੰਦੀ ਸਮੱਗਰੀ ਹਵਨ ਦੀ ਅੱਗ ਵਿਚ ਸੁੱਟ ਦਿੱਤੀ ਅਤੇ ਅੱਗ ਦੇ ਮੱਚਦੇ ਭਾਂਬੜਾਂ ਵਿਚ ਤਲਵਾਰ ਸੂਤ ਕੇ ਬਾਂਹ ਉਚੀ ਕਰਕੇ ਹਿਲਾਈ ਅਤੇ ਲਲਕਾਰ ਕੇ ਕਿਹਾ, “ਤਾਕਤ ਦੀ ਸੱਚੀ ਦੇਵੀ ਇਹ ਜੇ! ੀੲਹ ਕਰਾਮਾਤਾਂ ਕਰ ਵਿਖਾਏਗੀ। ਇਹ ਤੁਹਾਡੀਆਂ ਮੁਸੀਬਤਾਂ ਦੂਰ ਕਰੇਗੀ, ਇਹ ਤੁਹਾਨੂੰ ਤੁਹਾਡੇ ਆਪਣੇ ਦੇਸ਼ ਵਿਚ ਤਾਕਤ ਤੇ ਆਜ਼ਾਦੀ ਦੇਵੇਗੀ, ਘਰਾਂ ਵਿਚ ਅਮਨ ਚੈਨ ਤੇ ਸੁੱਖ ਬਖਸ਼ੇਗੀ। ਇਹ ਤੁਹਾਡੇ ਸੰਗਲ ਕੱਟੇਗੀ। ਆਉ, ਇਸ ਦੇ ਉਪਾਸ਼ਕ ਬਣੋ”। ਇਸ ਤਰ੍ਹਾਂ ਖਾਲਸਾ ਸਾਜਣ ਦਾ ਗੁਰੂ ਸਾਹਿਬ ਨੇ ਫੈਸਲਾ ਕੀਤਾ ਅਤੇ ਇਸ ਵਾਸਤੇ ਵਿਸਾਖੀ ਦਾ ਦਿਨ ਸੰਨ 1699 ਮੁਕਰਰ ਕੀਤਾ। ਵੇਈਂ ਨਦੀ ਪ੍ਰਵੇਸ਼ 1499 ਤੋਂ ਤਕਰੀਬਨ 200 ਸਾਲ ਬਾਦ।


 ਚੰਡੀ ਦੀ ਵਾਰ ਵਿਚ ਦੇਵਤਿਆਂ ਅਤੇ ਦੈਤਾਂ ਦੇ ਯੁੱਧ ਵਿਚ ਸ਼ਿਵਜੀ ਦੀ ਘਰਵਾਲੀ ਪਾਰਬਤੀ ਜਾਂ ਦੁਰਗਾ ਨੇ ਜਿਸ ਬਹਾਦਰੀ ਨਾਲ ਦੈਂਤਾਂ ਨਾਲ ਲੜਾਈ ਕੀਤੀ ਅਤੇ ਉਹਨਾਂ ਨੂੰ ਹਰਾ ਕੇ ਉਹਨਾਂ ਤੋਂ ਰਾਜ-ਭਾਗ ਵਾਪਸ ਲੈਕੇ ਦੇਵਤਿਆਂ ਨੂੰ ਦਿਤਾ ਉਸ ਦਾ ਜ਼ਿਕਰ ਕੀਤਾ ਹੈ। ਇਸ ਬੀਰ-ਰਸ ਭਰਭੂਰ ਵਾਰ ਵਿਚ ਪੁਰਾਣੇ ਮਿੱਥ ਨੂੰ ਨਵਾਂ ਰੂਪ ਦਿੱਤਾ ਹੈ। ਚੰਡੀ ਦੀ ਵਾਰ ਵਿਚ ਮਾਰਕੰਡੇ ਪੁਰਾਣ ਦੀ “ਦੁਰਗਾ ਸਪਤਸਤੀ” ਦਾ ਖੁਲਾਸਾ ਹੈ ਇਹ ਪੌਰਾਣਿਕ ਕਥਾ ਹੈ। ਪਰੰਪਰਕ ਅਰਥਾਂ ਵਿਚ, ਜਿਵੇਂ ਉਪਰ ਦੱਸਿਆ ਹੈ, ਭਗਉਤੀ ਜਾਂ ਭਗਵਤੀ ਦੁਰਗਾ ਦਾ ਇਕ ਨਾਮ ਹੈ ਅਤੇ ਇਹ ਤ੍ਰੈਮੂਰਤੀ ਦੇ ਇਕ ਦੇਵ ਸ਼ਿਵਜੀ ਦੀ ਘਰਵਾਲੀ ਹੈ। ਇਸ ਨੂੰ ਸ਼ਿਵਜੀ ਦੀ ਸ਼ਕਤੀ ਮੰਨਿਆ ਗਿਆ ਹੈ। ਮਿੱਥ ਕਿਸੇ ਵੀ ਚੀਜ਼ ਬਾਰੇ ਪੂਰਨ ਸਤਿ ਨਹੀਂ ਦੱਸਦੇ ਕਿਉਂਕਿ ਇਹ ਮਿਥ ਦਾ ਕਾਰਜ ਨਹੀਂ ਹੁੰਦਾ। ਇਹ ਚੀਜ਼ਾਂ ਦੇ ਸੁਬਾਅ ਦਾ ਦ੍ਰਿਸ਼ ਹੁੰਦੇ ਹਨ। ਦੁਰਗਾ ਦੇ ਇਸ ਯੁੱਧ ਦਾ ਮਿਥ ਲੋਕ-ਮਾਨਸਿਕਤਾ ਵਿਚ ਵੱਸ ਚੁਕਿਆ ਹੋਇਆ ਸੀ। ਲੋਕ-ਮਾਨਸਿਕਤਾ ਦੀ ਪੁਨਰ-ਸੁਰਜੀਤੀ ਲਈ ਮਿਥ ਨੂੰ ਸਮੇਂ ਅਨੁਸਾਰ ਕਰਨਾ ਪੈਂਦਾ ਹੈ। ਉਸ ਨੂੰ ਅਮਿਥਿਹਾਸਕ ਕਰਨਾ ਪੈਂਦਾ ਹੈ। ਲੋਕ-ਮਾਨਸਿਕਤਾ ਵਿੱਚ ਵਸੇ ਹੋਏ ਮਿਥ ਪੁਰਾਣੀਆਂ ਬਿਲਡਿੰਗਾਂ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ ਦੀ ਮੁਰੰਮਤ ਕਰਨ ਤੇ ਇਉਂ ਲੱਗਦਾ ਹੈ ਕਿ ਇਨ੍ਹਾਂ ਵਿਚ ਪੁਰਾਣਾ ਕੋਈ ਪੱਥਰ ਬਚਿਆ ਹੀ ਨਹੀਂ ਪਰ ਅਸਲ ਵਿਚ ਮੁਰੰਮਤ ਤੋਂ ਬਾਅਦ ਵੀ ਉਹਨਾਂ ਦੀ ਪੁਰਾਣੀ ਸ਼ਕਲ ਬਦਲਦੀ ਨਹੀਂ।


 ਇਸ ਦੀ ਦੁਬਾਰਾ ਰਚਨਾ ਦਾ ਮਕਸਦ ਲੋਕ-ਮਾਨਸਿਕਤਾ ਵਿਚ ਇਹ ਭਾਵਨਾ ਭਰਨਾ ਜਾਪਦਾ ਹੈ ਕਿ ਸੰਸਾਰ ਤੇ ਕੋਈ ਵੀ ਕਮਜ਼ੋਰ ਨਹੀਂ ਹੁੰਦਾ। ਖਾਸ ਕਰਕੇ ਉਹ ਤੇ ਬਿਲਕੁਲ ਵੀ ਕਮਜ਼ੋਰ ਨਹੀਂ ਹੁੰਦਾ ਜੋ ਨੇਕੀ ਅਤੇ ਧਰਮ ਨਾਲ ਖੜ੍ਹਾ ਹੈ। ਦੁਰਗਾ ਜਾਂ ਪਾਰਬਤੀ ਇਕ ਇਸਤ੍ਰੀ ਹੈ। ਇਸਤ੍ਰੀ ਇਕ ਬਹੁ-ਪਰਤੀ ਚਿੰਨ੍ਹਕ ਮੂਰਤ ਹੈ। ਦੁਰਗਾ ਨੂੰ ਇਥੇ ਬਹੁ-ਪਰਤੀ ਚਿੰਨ੍ਹਕ ਰੂਪ ਵਿਚ ਚਿਤਰਿਆ ਹੈ। ਸ਼ਿਵਜੀ ਦੀ ਪਤਨੀ ਹੋਣ ਦੇ ਨਾਤੇ ਉਹ ਰਸਮੀਂ ਪਵਿੱਤਰਤਾ ਦੀ ਮੂਰਤ ਹੈ। ਜਗਦੰਬਾ ਭਾਵ ਜਗਤ-ਮਾਂ ਦੇ ਰੂਪ ਵਿਚ ਉਹ ਜ਼ਿੰਦਗੀ ਨੂੰ ਸਹਿਣ ਕਰਨ ਵਾਲੀ ਅਤੇ ਰਹਿਮਤਾ ਵੰਡਣ ਵਾਲੀ ਹੈ। ਦੁਰਗਾ ਦੇ ਜਾਂ ਉਹ ਚੰਡੀ ਦੇ ਰੂਪ ਵਿਚ ਉਹ ਰਾਖਸ਼ਾਂ ਨੂੰ, ਜੋ ਬਦੀ ਦਾ ਪ੍ਰਤੀਕ ਹਨ, ਭਖਣ ਵਾਲੀ ਹੈ। ਇਸਤ੍ਰੀ ਦੇ ਬਹੁਪਰਤੀ ਚਿੰਨ੍ਹਾਤਮਕ ਰੂਪ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਆਮ ਤੌਰ ਤੇ ਕਮਜੋਰ ਸਮਝਿਆ ਜਾਂਦਾ ਹੈ। ਇਸ ਵਾਰ ਇਹ ਦੱਸਿਆ ਹੈ ਕਿ ਦੈਂਤਾਂ ਤੋਂ ਦੇਵਤੇ ਡਰ ਕੇ ਦੁਰਗਾ ਕੋਲ ਗਏ, ਦੁਰਗਾ ਇਕੱਲੀ ਨੇ ਅਣਗਿਣਤ ਦੈਂਤਾਂ ਨੂੰ ਮਾਰਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਔਰੰਗਜੇਬ ਦੇ ਜ਼ੁਲਮ ਹਿੰਦੋਸਤਾਨੀ ਸਮਾਜ ਉਤੇ ਦਿਨੋ ਦਿਨੀ ਵਧਦੇ ਜਾ ਰਹੇ ਸਨ। ਲੋਕਾਂ ਨੂੰ ਜਬਰਦਸਤੀ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਅਜਿਹੇ ਸਮੇਂ ਲੋਕ ਮਾਨਸਿਕਤਾ ਵਿਚ ਇਹ ਚੇਤੰਨਤਾ ਜਗਾੳਣੀ ਜ਼ਰੂਰੀ ਸੀ ਕਿ ਉਹ ਕਮਜ਼ੋਰ ਨਹੀਂ ਹਨ ਅਤੇ ਮੁਗਲ ਬਾਦਸ਼ਾਹ ਤੋਂ ਆਪਣਾ ਰਾਜ-ਭਾਗ ਵਾਪਸ ਲੈ ਸਕਣ ਦੇ ਸਮਰਥ ਹੋ ਸਕਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਚਿੜ੍ਹੀਆਂ ਤੋਂ ਬਾਜ ਤੁੜਾਉਣ ਅਤੇ ਸਵਾ ਲੱਖ ਨਾਲ ਇਕ ਲੜਾਉਣ ਦਾ ਉਦੇਸ਼ ਲੋਕਾਂ ਦੇ ਸਾਹਮਣੇ ਰੱਖਣ ਦਾ ਇਰਾਦਾ ਧਾਰ ਲਿਆ। ਬਾਜ਼ ਦੇ ਚਿੜੀ ਦਾ ਸ਼ਿਕਾਰ ਹੋਣ ਦੇ ਬਿੰਬ ਨੂੰ ਤੋੜਨ ਦੀ ਠਾਣ ਲਈ।


 ਇਸ ਕਾਵਿ ਰਚਨਾ ਵਿਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਯਾਦ ਕੀਤਾ ਗਿਆ ਹੈ ਅਤੇ ਉਸ ਨੂੰ ‘ਭਗਉਤੀ’ ਕਿਹਾ ਹੈ। ‘ਭਗਉਤੀ’ ਤੋਂ ਅਰਥ ਸ੍ਰੀ ਸਾਹਿਬ ਹੈ ਭਾਵ ਪਰਮਾਤਮਾ ਨੂੰ ਸ਼ਸਤ੍ਰ ਕਿਹਾ ਹੈ। ਸ਼ਸਤ੍ਰ ਦੇ ਰੂਪ ਵਿਚ ਪਰਮਾਤਮਾ ਨੂੰ ਸਦਾ ਅੰਗ-ਸੰਗ ਅਤੇ ਰਖਿਅਕ ਕਿਹਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ‘ਭਗਵਤੀ’ ਜਾਂ ‘ਭਗਉਤੀ’ ਦੇ ਅਰਥ ਕਰਦਿਆਂ ਲਿਖਿਆ ਹੈ ਕਿ (1) ਭਗਉਤੀ, ਭਗਵਤ-ਭਕਤ ਕਰਤਾਰ ਦਾ ਉਪਾਸ਼ਕ “ਸੋ ਭਗਉਤ ਜੋ ਭਗਵੰਤੈ ਜਾਣੈ” (ਸੁਖਮਨੀ), (2) ਭਗਵਤ ਦੀ, “ਭਗਉਤੀ ਮੁਦ੍ਰਾ ਮਨ ਮੋਹਿਆ ਮਾਇਆ” (ਪ੍ਰਭਾਤੀ ਮ. 5), (3) ਭਗਵਤੀ ਦੁਰਗਾ ਦੇਵੀ, ਵਾਰ ਸ੍ਰੀ ਭਗਉਤੀ ਜੀ ਕੀ’ (3) ਖੜਗ, ਸ੍ਰੀ ਸਾਹਿਬ (4) ਮਹਾਂਕਾਲ “ਪ੍ਰਿਥਮਤ ਭਗਉਤੀ ਸਿਮਰਕੈ” (5) ਇੱਕ ਛੰਦ। ਭਗਉਤੀ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਵੀ ਹੈ ਅਤੇ ਭਗਉਤੀ ਦੁਰਗਾ ਦਾ ਵੀ ਨਾਂ ਹੈ ਜੋ ਰਾਖ਼ਸ਼ਾਂ ਦੇ ਰੂਪ ਵਿਚ ਵਿਆਪਕ ਬਦੀ ਨਾਲ ਜੂਝਦੀ ਹੈ ਅਤੇ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕਰਦੀ ਹੈ। ਭਗਉਤੀ ਦੁਰਗਾ ਦੇ ਹੱਥ ਵਿਚ ਤਲਵਾਰ ਨੂੰ ਵੀ ਕਿਹਾ ਹੈ ਜੋ ਰਾਖਸ਼ਾਂ ਨੂੰ ਭਖਦੀ ਹੈ। ਦਸਮ ਗ੍ਰੰਥ ਵਿਚ ਰਚੀ ਦੁਰਗਾ ਦੀ ਵਾਰ ਵਿਚ ਭਗਉਤੀ ਦੇ ਅਰਥਾਂ ਦਾ ਕਾਇਆ ਕਲਪ ਹੋ ਜਾਂਦਾ ਹੈ। ਇਥੇ ਜਦੋਂ ਭਗਉਤੀ ਨੂੰ ਸਿਮਰਨ ਦੀ ਗੱਲ ਕੀਤੀ ਹੈ ਤਾਂ ਉਹ ਸਰਬ ਸਕਤੀਮਾਨ, ਜਾਗਤ ਜੋਤਿ, ਅਕਾਲ ਪੁਰਖ ਹੈ। ਪਰਮਾਤਮਾ ਨੂੰ ਸਰਬ ਕਾਲ ਦੋ-ਧਾਰਾ ਖੰਡ ਵੀ ਕਿਹਾ ਹੈ, ਜੋ ਘੜਨ ਅਤੇ ਭੰਨਣ ਦੇ ਸਮਰੱਥ ਹੈ, ਸੰਸਾਰ ਦਾ ਸਿਰਜਣਹਾਰ ਵੀ ਹੈ ਅਤੇ ਇਸ ਦਾ ਸੰਘਾਰ ਕਰਤਾ ਵੀ ਉਹ ਆਪ ਹੈ। ਸਿਖ-ਧਰਮ-ਚਿੰਤਨ ਵਿਚ ਆ ਕੇ ਤਲਵਾਰ ਕਿਰਪਾਨ ਬਣ ਜਾਂਦੀ ਹੈ, ਉਹ ਅਸਲੀ ਭਗਉਤੀ ਬਣ ਜਾਂਦੀ ਹੈ ਕਿਉਂਕਿ ਇਥੇ ਇਹ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੋ ਜਾਂਦੀ ਹੈ। ਭਗਤੀ ਅਤੇ ਸ਼ਕਤੀ ਦੇ ਸਮਾਨੰਤਰ ਧੁਰੇ ਨਾ ਰਹਿ ਕੇ ਦੂਸਰੇ ਵਿਚ ਸਮਿਲਤ ਹੋ ਜਾਂਦੇ ਹਨ। ਅਧਿਆਤਮਤਾ ਜਾਂ ਭਗਤੀ ਤੇਜ ਧਾਰਕ ਹੋ ਕੇ ਰਖਿਆ ਕਰਨ ਦੇ ਵੀ ਸਮਰੱਥ ਹੋ ਜਾਂਦੀ ਹੈ। ਕਿਰਪਾਨ ਜਿੱਥੇ ਜ਼ੁਲਮ ਦਾ ਬਧ ਕਰਦੀ ਹੈ ਉਥੇ ਮਜ਼ਲੂਮ ਦੀ ਰਖਿਆ ਵੀ ਕਰਦੀ ਹੈ। ਇਕ ਤਰਾਂ ਨਾਲ ਇਹ ਪਰਮਾਤਕ ਕਾਰਜ-ਉਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ ਜਾਂ ਕਹਿ ਲਈਏ ਕਿ ਪਰਮਾਤਮਕ ਕਾਰਜ-ਉਦੇਸ਼ ਦੀ ਪੂਰਤੀ ਕਰਦੀ ਹੈ। ਇਸ ਵਾਰ ਵਿਚ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੇ ਕੇ ਨੋਵੇਂ ਗੁਰੂ ਤੇਗ ਬਹਾਦਰ ਜੀ ਤੱਕ ਗੁਰੂਆਂ ਨੂੰ ਯਾਦ ਕੀਤਾ ਹੈ ਅਤੇ ਨਾਲ ਹੀ ਜਾਗਿਤ ਜੋਤਿ ਸਰਬ ਸ਼ਕਤੀਮਾਨ ਪਰਮਾਤਮਾ ਦੀ ਪਛਾਣ ਕਰਾਈ ਹੈ। ਪਹਿਲੀ ਨਾਨਕ ਜੋਤਿ ਤੋਂ ਨੋਵੀਂ ਨਾਨਕ ਜੋਤਿ ਤਕ ਯਾਦ ਕਰਨ ਦਾ ਅਰਥ ਹੈ ਉਹਨਾਂ ਨਾਲ ਅਤੇ ਉਹਨਾਂ ਦੇ ਮਿਸ਼ਨ ਨਾਲ ਦਸਵੀਂ ਨਾਨਕ ਜੋਤਿ ਦੀ ਇਕ ਸੁਰਤਾ ਦੇ ਸਿਧਾਂਤ ਨੂੰ ਪਰਪੱਕ ਕਰਨਾ। ਜੋਤਿ ਅਤੇ ਜੁਗਤਿ ਰਾਹੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਇਲਹਾਮ ਦੇ ਅਮਲ ਦੀ ਲਗਾਤਾਰਤਾ ਨੂੰ ਦੱਸਣਾ ਜਿਸ ਦੀ ਪੂਰਤੀ ਆ ਕੇ ਦਸਮ ਜੋਤਿ ਵਿਚ ਹੁੰਦੀ ਹੈ। ਫਿਰ ਖੰਡੇ(ਦੋ-ਧਾਰੀ ‘ਸ੍ਰੀ ਸਾਹਿਬ’) ਦੇ ਰੂਪ ਵਿਚ ਪਰਮਾਤਮਾ ਨੂੰ ਗੜ੍ਹਨ-ਭੰਜਨਹਾਰ ਦਸਿਆ ਹੈ। ਸੰਸਾਰ ਦੀ ਰਚਨਾ ਕਰਨ ਵਾਲਾ ਵੀ ਉਹੀ ਹੈ ਅਤੇ ਇਸ ਦਾ ਵਿਨਾਸ਼ ਕਰਨ ਵਾਲਾ ਵੀ ਉਹੀ ਹੈ। ਬ੍ਰਹਮਾ, ਬਿਸ਼ਨ, ਮਹੇਸ਼ ਆਦਿ ਦੇਵਤਿਆਂ ਨੂੰ ਬਾਕੀ ਕੁਦਰਤਿ ਦੇ ਨਾਲ ਹੀ ਪਰਮਾਤਮਾ ਵਲੋਂ ਸਾਜੇ ਹੋਏ ਮੰਨਿਆ ਹੈ। ਇਸ ਲਈ ਪਰਮਾਤਮਾ ਦੀ ਥਾਂ ਉਹਨਾਂ ਨੂੰ ਪੂਜਣ ਦਾ ਕੋਈ ਅਰਥ ਨਹੀਂ ਹੈ ਕਿਉਕਿ ਉਹ ਵੀ ਕੁਦਰਤਿ ਦਾ ਹਿੱਸਾ ਹਨ:


  ਖੰਡਾ ਪ੍ਰਥਮਿ ਮਨਾਇਕੈ ਜਿਨ ਸਭ ਸੈਸਾਰ ਉਪਾਇਆ।

  ਬ੍ਰਹਮਾ ਬਿਸ਼ਨੁ ਮਹੇਸ਼ ਸਾਜਿ ਕੁਦਰਤਿ ਦਾ ਖੇਲੁ ਬਣਾਇਆ।


 ਸੰਸਾਰ ਦੀ ਰਚਨਾ ਕਰਕੇ ਇਸ ਵਿਚ ਨੇਕੀ, ਜਿਸ ਦੇ ਪ੍ਰਤੀਕ ਦੇਵਤੇ ਹਨ ਅਤੇ ਬਦੀ, ਜਿਸ ਦੇ ਪ੍ਰਤੀਕ ਦੈਂਤ ਹਨ, ਦੀ ਰਚਨਾ ਵੀ ਪਰਮਾਤਮਾ ਨੇ ਆਪ ਹੀ ਕੀਤੀ। ਇਨ੍ਹਾਂ ਵਿਚ ਫਿਰ ਵਿਵਾਦ ਵੀ ਪਰਮਾਤਮਾ ਨੈ ਹੀ ਪਾਇਆ ਅਤੇ ਬਦੀ (ਦੈਂਤਾਂ) ਦੇ ਖਾਤਮੇ ਵਾਸਤੇ ਦੁਰਗਾ ਵਰਗੀ ਦੇਵੀ ਵੀ ਖੁਦ ਹੀ ਪੈਦਾ ਕੀਤੀ। ਨੇਕੀ ਅਤੇ ਬਦੀ ਦੇ ਸੰਘਰਸ਼ ਵਿਚ ਰਾਮ ਨੇ ਘੜਨ-ਭੰਨਣਹਾਰ, ਸ਼ਸਤ੍ਰ ਰੂਪ ਅਕਾਲ ਪੁਰਖ ਤੋਂ ਸ਼ਕਤੀ ਲੈਕੇ ਬਾਣਾਂ ਨਾਲ ਰਾਵਣ ਮਾਰਿਆ, ਕਿਸ਼ਨ ਨੇ ਕੰਸ ਦਾ ਬੱਧ ਕੀਤਾ। ਇਥੇ ਰਾਮ ਅਤੇ ਕ੍ਰਿਸ਼ਨ ਧਰਮ ਦੇ ਪ੍ਰਤੀਕ ਹਨ। ਰਾਵਣ ਅਤੇ ਕੰਸ ਬਦੀ ਦੇ ਪ੍ਰਤੀਕ ਹਨ। ਅਕਾਲ ਪੁਰਖ ਨੂੰ ਪਾਉਣ ਲਈ ਹੀ ਵੱਡੇ ਵੱਡੇ ਰਿਸ਼ੀ ਮੁਨੀਆਂ ਨੇ ਕਠਿਨ ਤਪ ਕੀਤੇ। ਪਰ ਫਿਰ ਵੀ ਅਕਾਲਪੁਰਖ ਦੇ ਰਹੱਸ ਨੂੰ ਪੂਰੀ ਤਰ੍ਹਾਂ ਅਨੁਭਵ ਨਹੀਂ ਕਰ ਸਕੇ। ਇਸ ਭੂਮਿਕਾ ਰਾਹੀਂ ਗੁਰਮਤਿ-ਚਿੰਤਨ ਦਾ ਇਹ ਸਿਧਾਂਤ ਸਥਾਪਤ ਹੋ ਗਿਆ ਹੈ ਕਿ ਅਕਾਲਪੁਰਖ ਜਨਮ-ਮਰਨ ਵਿਚ ਨਹੀਂ ਆਉਂਦਾ। ਰਾਮ ਅਤੇ ਕ੍ਰਿਸ਼ਨ ਪਰਮ-ਹਸਤੀ ਨਹੀਂ ਹਨ ਸਗੋਂ ਪਰਮ-ਹਸਤੀ ਦੀ ਰਚਨਾ ਹਨ ਅਤੇ ਬਦੀ ਦੇ ਖਾਤਮੇ ਵਾਸਤੇ ਅਕਾਲਪੁਰਖ ਨੇ ਉਹਨਾਂ ਦੀ ਰਚਨਾ ਕੀਤੀ। ਉਹਨਾਂ ਦੀ ਕੋਈ ਆਪਣੀ ਅੱਡਰੀ ਹਸਤੀ ਨਹੀਂ ਸੀ ਸਗੋਂ ਉਹਨਾਂ ਨੇ ਇਹ ਸ਼ਕਤੀ ਅਕਾਲਪੁਰਖ ਤੋਂ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਹਿੰਦੂ-ਤ੍ਰੈਮੂਰਤੀ ਦੇ ਤਿੰਨ ਦੇਵ ਹਨ ਜਿਨ੍ਹਾਂ ਦਾ ਆਪਣਾ-ਆਪਣਾ ਕਾਰਜ ਸੰਸਾਰ ਨੂੰ ਪੈਦਾ ਕਰਨਾ, ਇਸ ਦੀ ਪਾਲਣਾ ਕਰਨਾ ਅਤੇ ਇਸ ਦਾ ਸ਼ੰਘਾਰ ਕਰਨਾ ਹੈ। ਇਥੇ ਇਸ ਸਿਧਾਂਤ ਨੂੰ ਵੀ ਨਕਾਰ ਦਿੱਤਾ ਹੈ। ਸੰਸਾਰ ਨੂੰ ਪੈਦਾ ਕਰਨ, ਸੰਭਾਲਣ ਅਤੇ ਮਾਰਨ ਵਾਲਾ ਇਕੋ ਇੱਕ ਅਕਾਲਪੁਰਖ ਹੈ। ਉਸ ਤੋਂ ਬਿਨਾਂ ਹੋਰ ਕੋਈ ਹਸਤੀ ਇਸ ਦੇ ਸਮਰੱਥ ਨਹੀਂ ਹੈ। ਸਗੋਂ ਉਹ ਵੀ ਉਸੇ ਦੇ ਬਣਾਏ ਹੋਏ ਹਨ।


 ਹਰ ਧਰਮ ਵਿਚ ਨੇਕੀ ਅਤੇ ਬਦੀ ਦਾ ਸੰਕਲਪ ਕਿਸੇ ਨਾ ਕਿਸੇ ਰੂਪ ਵਿਚ ਪ੍ਰਾਪਤ ਹੈ ਅਤੇ ਹਰ ਧਰਮ ਵਿਚ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਚਿੰਨ੍ਹਾਂ ਜਾਂ ਪ੍ਰਤੀਕਾਂ ਰਾਹੀਂ ਦੱਸਿਆ ਹੋਇਆ ਹੈ। ਅਸਲ ਵਿਚ ਚਿੰਨ੍ਹਾਂ ਤੋਂ ਬਿਨਾਂ ਸਤਿ ਨੂੰ ਸਮਝਾ ਸਕਣਾ ਮੁਸ਼ਕਿਲ ਹੁੰਦਾ ਹੈ। ਹਿਬਰੂ ਸਾਹਿਤ ਵਿਚ ਗਿਆਨ ਦਾ ਫੱਲ, ਆਦਮ-ਹਵਾ, ਸੱਪ ਇਹ ਸਭ ਚਿੰਨ੍ਹ ਹਨ। ਧਾਰਮਿਕ ਸਰੋਕਾਰਾਂ ਨੂੰ ਚਿੰਨ੍ਹਾਂ ਤੋਂ ਬਿਨਾਂ ਪ੍ਰਗਟਾਅ ਸਕਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੁੰਦਾ ਹੈ। ਚਿੰਨ੍ਹ ਮਨੁੱਖ ਵਾਸਤੇ ਸਤਿ ਦੇ ਉਹ ਪੱਖ ਉਜਾਗਰ ਕਰਦਾ ਹੈ ਜਿਹੜੇ ਉਸ ਤੋਂ ਬਿਨਾਂ ਮਨੁੱਖ ਲਈ ਲੁਪਤ ਹੁੰਦੇ ਹਨ। ਚੰਡੀ ਦੀ ਵਾਰ ਵਿਚ ਵੀ ਨੇਕੀ ਅਤੇ ਬਦੀ ਦਾ ਸੰਘਰਸ਼ ਦੱਸਿਆ ਹੋਇਆ ਹੈ। ਦੇਵਤੇ ਅਤੇ ਦੈਂਤ ਨੇਕੀ ਅਤੇ ਬਦੀ ਦੇ ਪ੍ਰਤੀਕ ਹਨ, ਦੁਰਗਾ ਸ਼ਕਤੀ ਦੀ ਪ੍ਰਤੀਕ ਹੈ। ਅਸ਼ਲ ਵਿਚ ਇਹ ਤਿੰਨੇ ਚੀਜ਼ਾਂ ਜੋ ਇਥੇ ਇਕ ਦੂਸਰੇ ਦੇ ਸਮਾਨੰਤਰ ਚਲਦੀਆਂ ਦਿਸ ਆਉਂਦੀਆਂ ਹਨ ਹਰ ਇੱਕ ਮਾਨਵ ਦੇ ਆਪਣੇ ਅੰਦਰ ਹੁੰਦੀਆਂ ਹਨ। ਗੁਰਮਤਿ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਹ ਪੰਜ ਦੂਤ ਜਾਂ ਦੈਂਤ ਹਨ, ਜੋ ਮਾਨਵ ਦੇ ਦੇਵਤਵ ਦੇ ਰਾਹ ਤੇ ਚਲਣ ਵਿਚ ਰੋੜਾ ਬਣਦੇ ਹਨ। ਜਦੋਂ ਇਹਨਾਂ ਵਿਚੋਂ ਕੋਈ ਵੀ ਹਾਵੀ ਹੋ ਜਾਂਦਾ ਹੈ ਤਾਂ ਉਹ ਮਾਨਵ ਨੂੰ ਬੁਰਾਈ ਦੇ ਰਸਤੇ ਤੇ ਤੋਰਦਾ ਹੈ। ਹਰ ਮਾਨਵ ਅੰਦਰ ਦੇਵਤਵ ਤੱਕ ਪਹੁੰਣ ਸਕਣ ਦੀ ਸੰਭਾਵਨਾ ਕਾਇਮ ਹੈ ਕਿਉਂਕਿ ਉਹ ਜਗਦੀਸੈ-ਅੰਸ਼ ਹੈ। ਇਸ ਦੇਵਤਵ ਦੀ ਸੰਭਾਵਨਾ ਨੂੰ ਸ਼ਬਦ-ਗੁਰੂ ਦੀ ਅਗਵਾਈ ਵਿਚ ਉਜਾਗਰ ਕੀਤਾ ਜਾ ਸਕਦਾ ਹੈ ਜਿਵੇਂ ਆਸਾ ਦੀ ਵਾਰ ਵਿਚ ਕਿਹਾ ਹੈ:


  ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।

  ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 462)


 ਦੈਂਤਤਵ ਅਤੇ ਦੇਵ-ਤਵ ਦਾ ਇਹ ਸੰਘਰਸ਼ ਮਨੁੱਖ ਦੇ ਅੰਦਰ ਵੀ ਅਤੇ ਬਾਹਰ ਸੰਸਾਰ ਵਿਚ ਵੀ ਸਦੀਵੀਂ ਚਲਦਾ ਰਹਿੰਦਾ ਹੈ। ਜਰੂਰਤ ਇਸ ਨੂੰ ਅਧਿਆਤਮਕ ਸ਼ਕਤੀ ਰਾਹੀਂ ਥਾਂ ਸਿਰ ਰੱਖਣ ਦੀ ਹੈ। ਇਹ ਸ਼ਕਤੀ ਵੀ ਮਾਨਵ ਦੇ ਅੰਦਰ ਹੀ ਹੈ ਲੋੜ ਇਸ ਨੂੰ ਗੁਰੂ ਰਾਹੀਂ ਪਛਾਨਣ ਦੀ ਹੈ।

 ਵੈਦਿਕ ਮਿਥਿਹਾਸਕ ਪਰੰਪਰਾ ਵਿਚ ਸਮੇਂ ਨੂੰ ਚਾਰ ਯੁੱਗਾਂ ਵਿਚ ਵੰਡ ਕੇ ਪੂਰਨ ਤੌਰ ਤੇ ਧਰਮ-ਪਰਾਇਣ ਯੁੱਗ ਨੂੰ ਸਤਿਯੁਗ ਕਿਹਾ ਹੈ, ਕਲਿਯੁੱਗ ਵਿਚ ਧਰਮ ਦੀ ਪੂਰੀ ਅਧੋਗਤੀ ਮੰਨੀ ਹੈ ਅਤੇ ਕਲਿਜੁਗ ਅਤੇ ਸਤਿਜੁਗ ਦੇ ਵਿਚਕਾਰ ਤ੍ਰੇਤਾ ਹੈ ਜਿਥੇ ਧਰਮ ਅਧੋ ਅਧ ਹੈ। ਸਿੱਖ ਧਰਮ-ਚਿੰਤਨ ਵਿਚ ਯੁੱਗਾਂ ਦੀ ਇਸ ਕਿਸਮ ਦੀ ਵੰਡ ਨੂੰ ਨਾ ਮੰਨ ਕੇ ਇਸ ਨੂੰ ਮਨੁੱਖ ਨਾਲ ਜੋੜਿਆ ਹੈ। ਗੁਰਮਤਿ ਅਨੁਸਾਰ ਕਲਿਯੁਗ ਕਿਸੇ ਖਾਸ ਸਮੇਂ ਤੇ ਆਪਣਾ ਸਥਾਨ ਬਣਾ ਕੇ ਨਹੀਂ ਬੈਠਦਾ। ਇਹ ਤਾਂ ਜਦੋਂ ਮਨੁੱਖ ਵਿਚ ਹੰਕਾਰ, ਕਾਮ, ਕ੍ਰੋਧ, ਲੋਭ ਅਤੇ ਮੋਹ ਆਦਿ ਸ਼ਕਤੀਆਂ ਭਾਰੂ ਹੋ ਜਾਂਦੀਆਂ ਹਨ ਤਾਂ ਉਸ ਦੇ ਮਨ ਵਿਚ ਬੈਠ ਜਾਂਦਾ ਹੈ। ਹੰਕਾਰ ਕਿਸੇ ਕਿਸਮ ਦਾ ਵੀ ਬੁਰਾ ਹੁੰਦਾ ਹੈ ਪਰ ਧਾਰਮਿਕ ਹੰਕਾਰ ਸਭ ਤੋਂ ਵਧ ਖਤਰਨਾਕ ਹੁੰਦਾ ਹੈ ਕਿਉਂਕਿ ਇਸ ਕਿਸਮ ਦਾ ਹੰਕਾਰ ਦੂਸਰਿਆਂ ਨੂੰ ਆਪਣੇ ਤੋਂ ਬਹੁਤ ਨੀਵਾਂ ਸਮਝਦਾ ਹੈ। ਪਰਮਾਤਮਾ ਦੀ ਨਜ਼ਰ ਵਿਚ ਕੋਈ ਵੀ ਨੀਵਾਂ ਜਾਂ ਉੱਚਾ ਨਹੀਂ ਹੈ। ਦੇਵਤਿਆਂ ਨੂੰ ਆਪਣੇ ਧਰਮੀ ਹੋਣ ਦਾ ਬਹੁਤ ਹੰਕਾਰ ਹੋ ਗਿਆ ਤਾਂ ਅਕਾਲਪੁਰਖ ਨੇ ਉਹਨਾਂ ਦਾ ਹੰਕਾਰ ਤੋੜਨ ਲਈ ਮਹਿਖਾਸੁਰ ਅਤੇ ਸੁੰਭ ਨਾਂ ਦੇ ਦੈਂਤ ਪੈਦਾ ਕੀਤੇ। ਇਹੀ ਹਾਲ ਹਿੰਦੁਸਤਾਨੀ ਸਮਾਜ ਦਾ ਸੀ ਜਦੋਂ ਮੁਗਲ ਬਾਦਸ਼ਾਹਾਂ ਦਾ ਭਾਰਤ ਤੇ ਰਾਜ ਸਥਾਪਿਤ ਹੋਇਆ। ਭਾਰਤੀ ਸਮਾਜ ਜਾਤ-ਪਾਤ, ਊਚ-ਨੀਚ ਵਿਚ ਵੰਡਿਆ ਹੋਇਆ ਸੀ ਅਤੇ ਇਹ ਵੰਡ ਧਰਮ ਵਲੋਂ ਪਾਈ ਅਤੇ ਪ੍ਰਵਾਨ ਕੀਤੀ ਹੋਈ ਸੀ। ਸ਼ਾਇਦ ਇਸੇ ਲਈ ਪਰਮਾਤਮਾ ਹੁਕਮ ਵਿਚ ਮੁਗਲਾਂ ਦਾ ਰਾਜ ਭਾਰਤ ਵਿਚ ਸਥਾਪਿਤ ਹੋਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:


  ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।

       (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰ. 360)


 ਵਾਰ ਵਿਚ ਦਸਿਆ ਹੈ ਕਿ ਮਹਿਖਾਸੁਰ ਅਤੇ ਸੁੰਭ ਦੀ ਅਗਵਾਈ ਵਿਚ ਦੈਂਤਾਂ ਨੇ ਦੇਵਤਿਆਂ ਨੂੰ ਜਿੱਤ ਕੇ ਤਿੰਨਾਂ ਲੋਕਾਂ, ਮਾਤ ਲੋਕ, ਪਾਤਾਲ ਲੋਕ ਅਤੇ ਆਕਾਸ ਲੋਕ ਵਿਚ ਆਪਣਾ ਰਾਜ ਕਾਇਮ ਕਰ ਲਿਆ। ਇੰਦਰ ਦੇਵਤਾ, ਜਿਸ ਨੂੰ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਨੂੰ ਕੱਢ ਕੇ ਕੈਲਾਸ਼ ਪਰਬਤ ਵੱਲ ਨੂੰ ਭਜਾ ਦਿੱਤਾ। ਉਸ ਦੇ ਮੰਨ ਅੰਦਰ ਏਨਾ ਡਰ ਪੈਦਾ ਹੋਇਆ ਕਿ ਉਹ ਡਰਦਾ ਮਾਰਾ ਦੁਰਗਾ ਕੋਲ ਪਹੁੰਚਿਆ। ਡਰ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਦੋਂ ਮਨੁੱਖ ਕਿਸੇ ਤੋਂ ਡਰਦਾ ਹੈ ਤਾਂ ਉਹ ਸ਼ਕਤੀ ਹੀਣ ਤੇ ਨਿਰਬਲ ਹੋ ਜਾਂਦਾ ਹੈ। ਆਪਣੀ ਜਾਂ ਕਿਸੇ ਮਜ਼ਲੂਮ ਦੀ ਰੱਖਿਆ ਕਰਨ ਦੇ ਯੋਗ ਨਹੀਂ ਰਹਿੰਦਾ। ਜੋ ਦੂਸਰਿਆਂ ਨੂੰ ਡਰਾਉਂਦਾ ਹੈ ਬੁਰਾਈ ਪੈਦਾ ਕਰਦਾ ਹੈ ਕਿਉਂਕਿ ਉਹ ਜ਼ਾਲਮ ਹੋ ਜਾਂਦਾ ਹੈ। ਇਸੇ ਲਈ ਗੁਰਮਤਿ ਵਿਚ ਨਿਰਭੈ ਹੋ ਕੇ ਜੀਣ ਅਤੇ ਕਿਸੇ ਨੂੰ ਭੈਅ ਨਾ ਦੇਣ ਦਾ ਆਦੇਸ਼ ਕੀਤਾ ਹੈ। ਦੇਵੀ ਦੁਰਗਾ ਨੂੰ ਇੰਦ੍ਰ ਨੇ ਬੇਨਤੀ ਕੀਤੀ ਕਿ ਦੈਂਤਾਂ ਨੇ ਤਿੰਨਾਂ ਲੋਕਾਂ ਵਿਚ ਆਪਣਾ ਰਾਜ ਕਾਇਮ ਕਰ ਲਿਆ ਹੈ ਅਤੇ ਦੇਵਤਿਆਂ ਤੋਂ ਸਰਦਾਰੀ ਖੋਹ ਲਈ ਹੈ। ਮਹਿਖਾਸੁਰ ਨੂੰ ਜਿੱਤਣ ਦੀ ਹਿੰਮਤ ਕਿਸੇ ਦੇਵਤੇ ਵਿਚ ਨਹੀਂ ਹੈ ਇਸ ਲਈ ਤੇਰੀ ਸ਼ਰਨ ਆਏ ਹਾਂ।


  ਕਿਨੈ ਨ ਜਿਤਿਆ ਜਾਈ ਮਹਿਖੇ ਦੈਂਤ ਨੂੰ।

  ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾਹ॥4॥


 ਇੰਦਰ ਦੀ ਫਰਿਆਦ ਸੁਣ ਕੇ ਦੁਰਗਾ ਖਿੜ ਖਿੜ ਕਰਕੇ ਹੱਸੀ। ਫਿਰ ਉਸ ਨੇ ਰਾਖਸ਼-ਖਾਣਾ ਆਪਣਾ ਸ਼ੇਰ ਸਵਾਰੀ ਵਾਸਤੇ ਮੰਗਵਾਇਆ ਅਤੇ ਦੇਵਤਿਆਂ ਨੂੰ ਕਿਹਾ ਕਿ ਫਿਕਰ ਨਾ ਕਰੋ:


  “ਚਿੰਤਾ ਕਰਹੁ ਨ ਕਾਈ” ਦੇਵਾਂ ਨੂੰ ਆਖਿਆ।

  ਰੋਹ ਹੋਈ ਮਹਾਂਮਾਈ ਰਾਕਸਿ ਮਾਰਣੇ”॥ 5॥


 ਗੁਸੇ ਦੇ ਭਰੇ ਹੋਏ ਰਾਖਸ਼ ਰਣ ਭੂਮੀ ਵਿਚ ਯੁੱਧ ਕਰਨ ਦੇ ਚਾਅ ਨਾਲ ਆਏ। ਉਹਨਾਂ ਦੇ ਸ਼ਸ਼ਤ੍ਰ,ਤੇਗਾਂ ਅਤੇ ਬਰਛੀਆਂ ਏਨੇ ਲਿਸ਼ਕ ਰਹੇ ਸੀ ਕਿ ਸੂਰਜ ਵੀ ਨਜ਼ਰ ਨਹੀਂ ਸੀ ਪੈ ਰਿਹਾ। ਫਿਰ ਫੌਜਾਂ ਆਹਮੋਂ-ਸਾਹਮਣੇ ਕੰਧਾਂ ਵਾਂਗ ਖੜ੍ਹੀਆਂ ਹੋ ਗਈਆਂ ਅਤੇ ਲੜਾਈ ਸ਼ੁਰੂ ਕਰਨ ਵਾਸਤੇ ਢੋਲ ਅਤੇ ਨਗਾਰੇ ਵੱਜਣੇ ਸ਼ੁਰੂ ਹੋ ਗਏ। ਨਗਾਰੇ ਤੇ ਚੋਟ ਮਾਰਨ ਦਾ ਅਰਥ ਜੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਤਰ੍ਹਾਂ ਜੰਗ ਦਾ ਬਿਗਲ ਵਜਾ ਕੇ ਲੜਾਈ ਸ਼ੁਰੂ ਕਰ ਦਿਤੀ। ਨੇਜਿਆ ਤੇ ਬੰਨੀਆਂ ਹੋਈਆਂ ਝੰਡੀਆਂ ਜਿਹੜੀਆਂ ਕੀ ਫੌਜ਼ ਦਾ ਨਿਸ਼ਾਨ ਹੁੰਦੀਆਂ ਹਨ, ਹਵਾ ਵਿਚ ਝੂਮਣ ਲੱਗੀਆਂ। ਜੰਗ ਵਿਚ ਇਉਂ ਲੱਗ ਰਿਹਾ ਸੀ ਜਿਵੇਂ ਬੱਬਰ ਸ਼ੇਰ ਗਰਜ਼ ਰਹੇ ਹੋਣ। ਦੁਰਗਾ ਅਤੇ ਦੇਵਤੇ ਰਣ ਖੇਤਰ ਵਿਚ ਗਰਜ਼ੇ। ਬਰਛੀਆਂ ਵਿਚ ਪਰੋਏ ਹੋਏ ਕਈ ਸੂਰਬੀਰ ਇੰਝ ਲੱਗ ਰਹੇ ਸਨ ਜਿਵੇਂ ਟਾਹਣੀ ਨੂੰ ਆਮਲੇ ਚੁੰਬੜੇ ਹੋਣ। ਕੁਝ ਤਲਵਾਰਾਂ ਦੇ ਫਟ ਖਾ ਕੇ ਇਸ ਤਰ੍ਹਾਂ ਤੜ੍ਹਫ ਰਹੇ ਸੀ ਜਿਵੇਂ ਸਰਾਬ ਦੇ ਪਿਆਲੇ ਪੀ ਕੇ ਪਾਗਲ ਹੋਏ ਫਿਰਦੇ ਹੋਏ ਹੋਣ। ਕਈਆਂ ਨੂੰ ਝਾੜੀਆਂ ਵਿਚ ਲੁਕਿਆ ਹੋਇਆ ਨੂੰ ਇਸ ਤਰ੍ਹਾਂ ਕੱਢ ਕੱਢ ਚੁਣ ਕੇ ਮਾਰ ਰਹੇ ਸੀ ਜਿਵੇਂ ਨਿਆਰੀਏ ਰੇਤ ਵਿਚੋਂ ਸੋਨੇ ਦੇ ਕਣ ਚੁਣ ਚੁਣ ਕੇ ਕੱਢ ਰਹੇ ਹੋਣ। ਗਦਾ, ਤ੍ਰਿਸ਼ੂਲਾਂ, ਬਰਛੀਆਂ ਅਤੇ ਤੀਰਾਂ ਨਾਲ ਯੁੱਧ ਹੋ ਰਿਹਾ ਸੀ। ਤੀਰਾਂ ਨਾਲ ਵਿੰਨੇ ਹੋਏ ਯੋਧੇ ਇਸ ਤਰ੍ਹਾਂ ਮਰ ਕੇ ਡਿੱਗ ਰਹੇ ਸਨ ਜਿਵੇਂ ਕਾਲੇ ਨਾਗਾਂ ਦੇ ਡੰਗੇ ਹੋਏ ਡਿੱਗ ਰਹੇ ਹੋਣ। ਜਿਸ ਤਰ੍ਹਾਂ ਦ੍ਰਿਸਟਾਂਤਾਂ ਰਾਹੀਂ ਜੰਗ ਦੇ ਸਾਰੇ ਨਜ਼ਾਰੇ ਨੂੰ ਸਮਝਾਇਆ ਹੈ, ਇਸ ਨਾਲ ਸਹਿਜੇ ਹੀ ਮਾਨਵ-ਮਾਨਸਿਕਤਾ ਵਿਚ ਇੱਕ ਅਦਿੱਖ ਘੋਲ ਸ਼ੁਰੂ ਹੋ ਜਾਂਦਾ ਹੈ ਅਤੇ ਮਨੁੱਖ ਸੋਚਣ ਲਈ ਆਪਣੇ ਆਪ ਪ੍ਰੇਰਿਆ ਜਾਂਦਾ ਹੈ। ਟਾਹਣੀ ਉਤੇ ਪਰੋਏ ਹੋਏ ਅਮਲਿਆਂ ਦੇ ਦ੍ਰਿਸ਼ ਦੀ ਬਰਛੀਆਂ ਵਿਚ ਪਰੋਏ ਹੋਏ ਸਿਰਾਂ ਨਾਲ ਤੁਲਨਾ ਮਨ ਨੂੰ ਸੋਚਣ ਘੋਖਣ ਲਈ ਜ਼ਬਰਦਸਤੀ ਮਜ਼ਬੂਰ ਕਰਦੀ ਹੈ।


  “ਇਕ ਬੀਰ ਪ੍ਰੋਤੇ ਬਰਛੀਏਂ ਜਾਣੁ ਡਾਲ ਚਮੁੱਟੇ ਆਵਲੇ”॥


ਦੈਂਤਾਂ ਦੇ ਮਨ ਵਿਚ ਕ੍ਰੋਧ ਭਰੀ ਦੁਰਗਾ ਨੂੰ ਦੇਖਣ ਦੀ ਇੱਛਾ ਹੋਈ ਅਤੇ ਉਹ ਆਪਣੇ ਹਥਿਆਰਾਂ ਨਾਲ ਭਾਰੀ ਗਿਣਤੀ ਵਿਚ ਦੁਰਗਾ ਦੇ ਚਾਰ ਚੁਫੇਰੇ ਹੋ ਗਏ। ਯੁੱਧ ਕਰਨ ਵਾਲੇ ਸੂਰਬੀਰ ਯੁੱਧ ਵਿਚੋਂ ਕਦੀ ਭੱਜਿਆ ਨਹੀਂ ਕਰਦੇ। ਇਸ ਲਈ ਹੱਥਾਂ ਵਿਚ ਤਲਵਾਰਾਂ ਲੈ ਕੇ ਖੂਬ ਯੁੱਧ ਹੋਇਆ। ਦਿਲ ਵਿਚ ਰੋਹ ਪੈਦਾ ਹੋਇਆ ਅਤੇ ਮਾਰੋ ਮਾਰੀ ਯੋਧੇ ਭਿੜਨ ਲੱਗੇ। ਜਿਹੜੇ ਦੁਰਗਾ ਨੂੰ ‘ਮਾਰੋ ਮਾਰੋ’ ਕਹਿ ਰਹੇ ਸੀ, ਦੁਰਗਾ ਨੇ ਉਹਨਾਂ ਨੂੰ ਰਣ ਖੇਤ੍ਰ ਵਿਚ ਏਵਂੇ ਸੁਟਿਆ ਜਿਂਵੇ ਬਿਜਲੀ ਪੈਦਾ ਕਰਨ ਨਾਲ ਮੁਨਾਰੇ ਡਿਗ ਜਾਂਦੇ ਹਨ। ਫਿਰ ਦੁਰਗਾ ਨੇ ਆਪਣੀ ਸਰਬਲੋਹ ਦੀ ਫੌਲਾਦੀ ਤੇਗ ਇਸ ਤਰ੍ਹਾਂ ਫੁਰਤੀ ਨਾਲ ਘੁਮਾ ਕੇ ਮਹਿਖੇ ਦੈਂਤ ਦੇ ਪੇਟ ਵਿਚ ਮਾਰੀ ਕਿ ਉਸ ਦੇ ਫੇਫੜੇ ਅਤੇ ਆਂਦਰਾਂ ਨੂੰ ਚੀਰਦੀ ਅੱਗੇ ਨਿਕਲਦੀ ਹੋਈ ਕਾਲਜੇ ਨੂੰ ਚੀਰ ਗਈ। ਧੂਮਕੇਤੂ (ਬੋਦੀ ਵਾਲੇ ਤਾਰੇ) ਨੇ ਆਪਣੀ ਬੋਦੀ ਦਿਖਾ ਦਿਤੀ। ਭਾਵ ਬੋਦੀ ਵਾਲਾ ਤਾਰਾ ਚੜ੍ਹ ਪਿਆ ਅਤੇ ਇਸ ਤਰ੍ਹਾਂ ਦਾ ਚੜ੍ਹਨਾ ਤਬਾਹੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

 ਦੇਵਤੇ ਅਤੇ ਦੈਂਤ ਪੂਰੇ ਜ਼ੋਰ-ਜ਼ੋਰ ਨਾਲ ਭਿੜ ਰਹੇ ਸੀ ਅਤੇ ਸੂਰਮੇ ਰਣਖੇਤ੍ਰ ਵਿਚ ਮਰ ਰਹੇ ਸਨ। ਸਾਰਿਆ ਦੇ ਸਰੀਰਾਂ ਵਿਚੋਂ ਖੁਨ ਇਉਂ ਵਹਿ ਰਿਹਾ ਸੀ ਜਿਵੇਂ ਪਹਾੜ ਤੋਂ ਗੇਰੂ ਨਾਲ ਰਲਕੇ ਗੇਰੂ ਰੰਗੀਆਂ ਪਾਣੀ ਦੀਆਂ ਕੂਲਾਂ ਨੀਚੇ ਨੂੰ ਵੱਗ ਰਹੀਆਂ ਹੋਣ। ਰਾਕਸ਼ਾਂ ਦੀਆਂ ਇਸਤ੍ਰੀਆਂ ਮਹਿਲਾਂ ਵਿਚ ਬੈਠੀਆਂ ਇਹ ਸਭ ਨਜ਼ਾਰੇ ਦੇਖ ਰਹੀਆਂ ਸਨ ਕਿ ਦੁਰਗਾ ਅਤੇ ਦਾਨਵਾਂ ਦੀਆਂ ਸਵਾਰੀਆਂ ਸ਼ੇਰ, ਹਾਥੀ, ਘੋੜੇ, ਊਠਾਂ ਨੇ ਕਿਵੇਂ ਧੁੰਮਾਂ ਪਾਈਆਂ ਹੋਈਆਂ ਹਨ। ਸਾਂਵਲੇ ਰੰਗ ਦੇ ਦੈਂਤ, ਖਿਲਰੀਆਂ ਜਟਾਂ, ਧੂੜ ਵਿਚ ਅੱਟੇ ਹੋਏ, ਚੌੜੀਆਂ ਉਖਲੀਆਂ ਵਰਗੀਆਂ ਨਾਸਾਂ, ਮੂੰਹ ਉਹਨਾਂ ਦੇ ਆਲਿਆ ਵਰਗੇ, ਵੱਡੀਆਂ ਵੱਡੀਆਂ ਮੁੱਛਾਂ ਵਾਲੇ ਦੇਵੀ ਦੇ ਸਾਹਮਣੇ ਆਏ। ਇੰਦਰ ਲੜ ਕੇ ਹਾਰ-ਹੁਟ ਗਿਆ ਸੀ ਪਰ ਇਹ ਸੂਰਬੀਰ ਪਿਛੇ ਨਹੀਂ ਹਟੇ। ਦੁਰਗਾ ਨੂੰ ਚੁਫੇਰਿਉਂ ਘੇਰ ਕੇ ਇਸ ਤਰ੍ਹਾਂ ਗਰਜ ਰਹੇ ਸਨ ਜਿਵੇਂ ਕਾਲੇ ਬੱਦਲ ਗਰਜ ਰਹੇ ਹੋਣ। ਪਰਬਤਾਂ ਵਰਗੇ ਦੈਂਤ ਭੱਜਣਾ ਨਹੀਂ ਸੀ ਜਾਣਦੇ ਇਸ ਲਈ ਦੇਵਤਿਆਂ ਹੱਥੋਂ ਮਰ ਕੇ ਸਵਰਗ ਨੂੰ ਚਲੇ ਗਏ। ਦੁਰਗਾ ਨੇ ਆਪਣੀ ਤਲਵਾਰ ਲੈ ਕੇ ਸਾਰੇ ਦੈਂਤ ਮਾਰ ਦਿੱਤੇ। ਮਹਿਖਾਸੁਰ ਗੁੱਸੇ ਨਾਲ ਆ ਕੇ ਮੈਦਾਨ ਵਿਚ ਗਜਿਆ ਉਸ ਨੂੰ ਬੜਾ ਗੁੱਸਾ ਸੀ ਕਿ ਇੱਕ ਇਸਤ੍ਰੀ ਨੇ ਦੈਂਤਾਂ ਦੇ ਇਸ ਤਰ੍ਹਾਂ ਆਹੂ ਲਾਹੇ ਹਨ:


  “ਇੰਦ੍ਰ ਜੇਹਾ ਜੋਧਾ ਮੈਥੋਂ ਭੱਜਿਆ।

  ਕਉਣ ਵਿਚਾਰੀ ਦੁਰਗਾ ਜਿਨਿ ਰਣ ਸੱਜਿਆ”॥


 ਇਹ ਪੰਕਤੀਆਂ ਖਾਸ ਮਹੱਤਵ ਰੱਖਦੀਆਂ ਹਨ। ਜੋ ਮਹਿਖਾਸੁਰ ਦੇ ਮੂੰਹੋਂ ਅਖਵਾਈਆਂ ਗਈਆਂ ਹਨ। ਦੁਰਗਾ ਨੂੰ ਉਹ ਇਸਤ੍ਰੀ ਹੋਣ ਕਰਕੇ ਉਹ ਕਮਜ਼ੋਰ ਸਮਝਦਾ ਹੈ। ਭਾਰਤੀ ਧਾਰਮਿਕ ਪੰਰਪਰਾ ਵਿਚ ਦੇਵੀਆਂ ਨੂੰ ਛੱਡ ਕੇ ਜਿਨ੍ਹਾਂ ਦੀ ਗਿਣਤੀ 33 ਕਰੋੜ ਦੇਵਤਿਆਂ ਵਿਚ ਨਾਮਾਂਤਰ ਹੈ, ਇਸਤ੍ਰੀ ਨੂੰ ਦੁਰਬਲ, ਕਮਜ਼ੋਰ ਅਤੇ ਨਿਮਾਣੀ ਮੰਨਿਆ ਜਾਂਦਾ ਰਿਹਾ ਹੈ। ਪਰ ਗੁਰਮਤਿ ਚਿੰਤਨ ਵਿਚ ਉਸ ਨੂੰ ਸੰਸਾਰਕ ਪੱਧਰ ਤੇ ਸਭ ਤੋਂ ਮਹਾਨ ਮੰਨਿਆ ਹੈ। ਸਮਾਜਕ ਰੁਤਬੇ ਵਿਚ ਰਾਜਾ ਸਭ ਤੋਂ ਉੱਤੇ ਹੈ ਪਰ ਇਸਤ੍ਰੀ ਉਸ ਤੋਂ ਉਤੇ ਹੈ ਕਿਉਂਕਿ ਉਹ ਰਾਜੇ ਨੂੰ ਜਨਮ ਦੇਣ ਵਾਲੀ ਹੈ। ਆਤਮਕ ਬਲ ਕਮਜ਼ੋਰ ਤੋਂ ਕਮਜ਼ੋਰ ਮਨੁੱਖ ਨੂੰ ਵੀ ਬਲਵਾਨ ਬਣਾ ਦਿੰਦਾ ਹੈ।

 ਇਸ ਤਰ੍ਹਾਂ ਆਪਣਾ ਖੰਡਾ ਮਿਆਨ ਵਿਚੋਂ ਧੂਹ ਕੇ ਮਹਿਖਾਸੁਰ ਅੱਗੇ ਵਧਿਆ। ਦੁਰਗਾ ਰਾਖਸ਼ ਖਾਣੀ ਚੰਡੀ ਨੇ ਮਿਆਨ ਵਿਚੋਂ ਆਪਣੀ ਤਲਵਾਰ ਧੂਹੀ। ਮਹਿਖਾਸੁਰ ਦੇ ਇਸ ਤਰ੍ਹਾਂ ਡਾਹੀ ਕਿ ਉਸ ਦੇ ਖੋਪਰ ਨੂੰ ਤੋੜ ਕੇ ਮੂੰਹ ਨੂੰ ਚੀਰਦੀ ਹੋਈ ਕੰਡਰੋੜ ਤੱਕ ਧਸ ਗਈ। ਇਥੇ ਹੀ ਬਸ ਨਹੀਂ ਘੋੜੇ ਸਮੇਤ ਉਸ ਦੀ ਕਾਠੀ ਨੂੰ ਚੀਰਦੀ ਹੋਈ ਧਰਤੀ ਨਾਲ ਜਾ ਠਹਿਕੀ। ਇਸ ਤੋਂ ਅੱਗੇ ਆਪਣਾ ਰਾਹ ਬਣਾਉਂਦੀ ਹੋਈ ਧਰਤੀ ਹੇਠਲੇ ਬਲਦ ਦੇ ਸਿੰਙਾਂ ਨਾਲ ਖਹਿੰਦੀ ਕਛੂ-ਕੁੰਮੇ ਨਾਲ ਜਾ ਵੱਜੀ। ਭਾਰਤੀ ਪਰੰਪਰਾ ਵਿਚ ਮਿੱਥ ਹੈ ਕਿ ਧਰਤੀ ਇੱਕ ਬਲਦ ਨੇ ਆਪਣੇ ਸਿੰਙਾਂ ਤੇ ਚੁੱਕੀ ਹੋਈ ਹੈ ਅਤੇ ਉਸ ਬਲਦ ਦੇ ਹੇਠਾਂ ਕਛੂ-ਕੁੰਮਾ ਹੈ। ਗੁਰਮਤਿ ਚਿੰਤਨ ਵਿਚ ਧਰਮ ਨੂੰ ਉਹ ਸ਼ਕਤੀ ਮੰਨਿਆ ਹੈ ਜੋ ਸੰਸਾਰ ਨੂੰ ਸਥਾਪਿਤ ਰਖਦਾ ਹੈ। ਇਸ ਤਰਾਂ ਮਹਿਖਾਸੁਰ ਤੇ ਔਖੀ ਘੜੀ ਬੀਤੀ ਅਤੇ ਮਾਰਿਆ ਗਿਆ। ਲਹੂ ਤੇ ਚਰਬੀ ਦੀ ਉਥੇ ਘਾਣੀ ਮੱਚ ਗਈ। ਸਾਰੇ ਜਗਤ ਦੀ ਰਾਣੀ ਦੁਰਗਾ ਨੇ ਆਪਣੇ ਸ਼ੇਰ ਚਾਰੇ ਪਾਸੇ ਨਚਾਇਆ। ਦੈਂਤਾਂ ਨੂੰ ਮਾਰ ਕੇ ਇੰਦ੍ਰ ਨੂੰ ਰਾਜ ਭਾਗ ਦੇ ਕੇ ਅਲੋਪ ਹੋ ਗਈ।


 ਇਸ ਤੋਂ ਪਿਛੋਂ ਫਿਰ ਦੈਂਤਾਂ ਵਿਚ ਸੁੰਭ ਅਤੇ ਨਿਸੁੰਭ ਨਾਂ ਦੇ ਸੂਰਮੇ ਜੰਮੇ। ਉਹਨਾਂ ਨੇ ਫਿਰ ਇੰਦ੍ਰ ਨੂੰ ਹਰਾ ਕੇ ਉਸ ਦੀ ਰਾਜਧਾਨੀ ਨੂੰ ਜਿੱਤਣਾ ਚਾਹਿਆ। ਇਸ ਲਈ ਉਹਨਾਂ ਨੇ ਇੰਦ੍ਰ ਪੁਰੀ (ਦੇਵਤਿਆ ਦੀ ਰਾਜਧਾਨੀ) ਤੇ ਹਮਲਾ ਕਰਨ ਦਾ ਮਤਾ ਪਕਾ ਲਿਆ। ਪੂਰੀ ਤਿਆਰੀ ਨਾਲ ਉਹ ਹਮਲਾ ਕਰਨ ਆਏ ਅਤੇ ਦੇਵਤੇ ਵੀ ਮੈਦਾਨ ਵਿਚ ਨਿੱਤਰ ਪਏ। ਇਸ ਤਰ੍ਹਾਂ ਦੋਹਾਂ ਧਿਰਾਂ ਵਿਚ ਫਿਰ ਘੋਰ ਯੁੱਧ ਛਿੜ ਪਿਆ। ਯੋਧੇ ਇਸ ਤਰ੍ਹਾਂ ਸੱਜੇ ਹੋਏ ਸਨ ਜਿਵੇਂ ਬਾਗਾਂ ਵਿਚ ਫੁੱਲ ਖਿੜੇ ਹੋਣ। ਮਾਸਖੋਰੇ ਪੰਛੀਆਂ ਜਿਵੇਂ ਇੱਲਾਂ ਅਤੇ ਕਾਵਾਂ, ਭੂਤਾਂ ਨੇ ਮਰੇ ਹੋਏ ਯੋਧਿਆ ਦਾ ਮਾਸ ਖਾਦਾ। ਦੈਂਤਾਂ ਨੇ ਫਿਰ ਦੇਵਤੇ ਯੁੱਧ-ਖੇਤ੍ਰ ਵਿਚੋਂ ਭਜਾ ਦਿੱਤੇ ਅਤੇ ਤਿੰਨੇ ਲੋਕਾਂ ਵਿਚ ਆਪਣੀ ਜਿੱਤ ਦੀ ਦੋਹੀ ਫਿਰਾ ਦਿੱਤੀ। ਜਦੋਂ ਤੱਕ ਮਨੁੱਖ ਨੇ ਆਪਣੇ ਆਪ ਵਿਚ ਆਪਣੇ ਘਰ ਨੂੰ ਸੁਰੱਖਿਅਤ ਰੱਖ ਸਕਣ ਦੀ ਸਮਰੱਥਾ ਪੈਦਾ ਨਾ ਹੋਵੇ ਉਹ ਕਿਸੇ ਦਾ ਬਚਾਇਆ ਬਚ ਨਹੀਂ ਸਕਦਾ। ਦੁਰਗਾ ਦੇ ਜਿੱਤ ਕੇ ਦਿੱਤਾ ਰਾਜ ਦੇਵਤਿਆਂ ਨੇ ਆਪਣੀ ਅਸਮਰੱਥਾ ਨਾਲ ਫਿਰ ਗੁਆ ਲਿਆ। ਇਥੇ ਇਹ ਗੱਲ ਸਥਾਪਿਤ ਕੀਤੀ ਗਈ ਹੈ ਕਿ ਬਾਹਰਲੇ ਹਮਲਾਵਰਾਂ ਦੇ ਹਮਲਿਆਂ ਵੇਲੇ ਭਾਰਤੀ ਲੋਕ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਰਹੇ ਕਿ ਇਹ ਸਾਡੀ ਰੱਖਿਆ ਕਰਨਗੇ। ਪਰ ਜਿਹੜੇ ਦੇਵਤੇ ਆਪਣੀ ਰੱਖਿਆ ਨਹੀਂ ਕਰ ਸਕੇ ਉਹ ਹੋਰ ਕਿਸੇ ਦੀ ਰੱਖਿਆ ਕੀ ਕਰਨਗੇ? ਡਰ ਕੇ ਦੇਵਤਿਆਂ ਨੇ ਫਿਰ ਦੁਰਗਾ ਦੀ ਸ਼ਰਨ ਤੱਕੀ ਅਤੇ ਉਸ ਨੂੰ ਰਾਖਸ਼ਾਂ ਤੇ ਹਮਲਾ ਕਰਨ ਲਈ ਲੈ ਆਏ। ਫਿਰ ਪਹਿਲਾਂ ਦੀ ਤਰ੍ਹਾਂ ਦੋਹੇਂ ਧਿਰਾਂ ਜੰਗ ਦੇ ਮੈਦਾਨ ਵਿਚ ਇਕੱਠੀਆਂ ਹੋਈਆਂ। ਧੂਮਰਨੈਣ(ਧੂਏ ਰੰਗੀਆਂ ਅੱਖਾਂ ਵਾਲੇ) ਦੈਂਤ ਸਰਦਾਰ ਨੂੰ ਦੈਂਤ ਰਾਜੇ ਸੁੰਭ ਨੇ ਬੁਲਾਇਆ ਅਤੇ ਕਿਹਾ:


  ਚੋਟ ਪਈ ਖਰਚਾਮੀ “ਦੁਰਗਾ ਲਿਆਵਣੀ”


 ਦੁਰਗਾ ਨੂੰ ਕਮਜ਼ੋਰ ਅਤੇ ਇਸਤ੍ਰੀ ਸਮਝ ਕੇ ਉਨ੍ਹਾਂ ਨੇ ਚੁੱਕ ਲਿਆਉਣ ਦੀ ਸੋਚ ਲਈ ਪਰ ਦੂਸਰੇ ਪਾਸੇ ਦੁਰਗਾ ਨੂੰ ਫੌਜਾਂ ਦੇਖ ਕੇ ਬੇਹੱਦ ਗੁੱਸਾ ਚੜ੍ਹਿਆ ਅਤੇ ਉਸ ਨੇ ਖੰਡਾ ਮਿਆਨ ਵਿਚੋਂ ਧੁਹ ਕੇ ਧੂਮਰ ਨੈਣ ਦੇ ਸਾਰੇ ਸਾਥੀ ਮਾਰ ਮੁਕਾਏ। ਏਨਾ ਜਬਰਦਸਤ ਯੁੱਧ ਹੋਇਆ ਕਿ ਦੈਂਤ ਬੁਖਲਾ ਗਏ। ਉਨ੍ਹਾਂ ਨੇ ਦੁਰਗਾ ਸਮਝ ਕੇ ਇਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਯੁੱਧ ਵਿਚ ਧੂਮਰਨੈਣ ਵੀ ਮਾਰਿਆ ਗਿਆ, ਰਾਜੇ ਸੁੰਭ ਨੂੰ ਇਸ ਦੀ ਖਬਰ ਪਹੁੰਚ ਗਈ। ਰਾਜੇ ਨੇ ਤਿਆਰ ਕਰਕੇ ਚੰਡ ਅਤੇ ਮੁੰਡ ਨਾਂ ਦੇ ਦੋ ਦੈਤਾਂ ਨੂੰ ਫੌਜ ਦੇ ਕੇ ਭੇਜਿਆ। ਫਿਰ ਲੜਾਈ ਜੋਰ ਸ਼ੋਰ ਨਾਲ ਸ਼ੁਰੂ ਹੋ ਗਈ ਅਤੇ ਚੰਡ ਅਤੇ ਮੁੰਡ ਵੀ ਲੜਦੇ ਹੋਏ ਦੇਵੀ ਹੱਥੋਂ ਮਾਰੇ ਗਏ। ਰਾਜੇ ਸੁੰਭ ਨਿਸੁੰਭ ਨੇ ਸਾਰੇ ਯੋਧਿਆ ਨੂੰ ਫਿਰ ਇਕੱਠੇ ਕੀਤਾ। ਸ੍ਰੋਣਤਬਿੰਦ ਨੂੰ ਫੌਜ ਦੇ ਕੇ ਭੇਜਿਆ। ਸ੍ਰੋਣਤਬਿੰਦ ਜਿਸ ਨੂੰ ਰਕਤ ਬੀਜ ਵੀ ਕਹਿੰਦੇ ਹਨ, ਦੇ ਖੁਨ ਦੀ ਇਕ ਇਕ ਬੂੰਦ ਧਰਤੀ ਤੇ ਡਿੱਗਣ ਨਾਲ ਉਸ ਵਿਚੋਂ ਅਨੇਕਾਂ ਦੈਂਤ ਉਪਜਦੇ ਸਨ। ਉਸਨੇ ਦੇਵਤਿਆਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਸ਼ੋਰ ਸੁਣਕੇ ਦੁਰਗਾ ਨੇ ਆਪਣੇ ਸ਼ੇਰ ਦੀ ਸਵਾਰੀ ਕੀਤੀ। ਦੁਰਗਾ ਨੇ ਖੱਬੇ ਹੱਥ ਨਾਲ ਗਦਾ ਘੁਮਾ ਕੇ ਗਦਾ ਫੇਰੀ ਅਤੇ ਸ੍ਰੋਣਤਬੀਜ ਦੀ ਬਹੁਤ ਸਾਰੀ ਸੈਨਾ ਮਾਰ ਦਿੱਤੀ। ਘਮਸਾਣ ਦਾ ਯੁੱਧ ਹੋ ਰਿਹਾ ਸੀ ਅਤੇ ਦੁਰਗਾ ਦੈਂਤਾ ਦਾ ਸੰਘਾਰ ਕਰ ਰਹੀ ਸੀ। ਦੁਰਗਾ ਨੇ ਆਪਣੀ ਤਲਵਾਰ ਸ੍ਰੋਣਤਬੀਜ ਦੇ ਸਿਰ ਵਿਚ ਮਾਰੀ। ਉਸ ਨੇ ਲਲਕਾਰ ਲਲਕਾਰ ਕੇ ਰਾਖਸ਼ਾਂ ਨੂੰ ਮਾਰਿਆ। ਸੂਰਬੀਰ ਇਸ ਤਰ੍ਹਾਂ ਘੁੰਮ ਘੁੰਮ ਡਿੱਗ ਰਹੇ ਸੀ ਜਿਵੇਂ ਵਾ ਵਰੋਲੇ ਵਿਚ ਸੁੱਕੇ ਪੱਤੇ ਘੁੰਮਦੇ ਹਨ। ਵਾ-ਵਰੋਲਾ ਬਹੁਤ ਤੇਜ਼ ਹਨੇਰੀ ਦੀ ਤਰ੍ਹਾਂ ਪਰ ਥੋੜੀ ਥਾਂ ਘੇਰ ਕੇ ਚਲਦਾ ਹੈ। ਅਧਿਆਤਮਕ-ਸ਼ਕਤੀ ਨਾਲ ਮਨੁੱਖ ਬਹੁਤ ਬਲਵਾਨ ਹੋ ਜਾਂਦਾ ਹੈ ਜਿਸ ਨਾਲ ‘ਇਕੱਲੀ’ ਸ੍ਰੀਰਕ-ਸ਼ਕਤੀ ਕਮਜ਼ੋਰ ਪੈ ਜਾਂਦੀ ਹੈ ਕਿਉਂਕਿ ਉਸ ਕੋਲ ਆਤਮਿਕ ਬੱਲ ਨਹੀਂ ਹੁੰਦਾ। ਰੱਤ ਦੇ ਪਰਨਾਲੇ ਧਰਤੀ ਤੇ ਵੱਗ ਰਹੇ ਸੀ ਜਿਨ੍ਹਾਂ ਵਿਚੋ ਲੜਾਕੇ ਦੈਂਤ ਹਿੜ ਹਿੜ ਹਸਦੇ ਉਠ ਰਹੇ ਸੀ। ਇਸ ਤਰ੍ਹਾਂ ਸ੍ਰੋਣਤਬੀਜ ਨੇ ਅਣਗਿਣਤ ਸੂਰਤਾਂ ਵਧਾ ਲਈਆਂ, ਜਿਹੜੇ ਪੂਰੇ ਰੋਹ ਨਾਲ ਤੇਗਾਂ ਵਧਾਕੇ ਦੁਰਗਾ ਦੇ ਸਾਹਮਣੇ ਆ ਗਏ ਅਤੇ ਤੇਗਾਂ ਨਾਲ ਵਾਰ ਕਰਨ ਲਗੇ। ਪਰ ਦੁਰਗਾ ਹਰ ਵਾਰ ਢਾਲ ਨਾਲ ਰੋਕ ਲੈਂਦੀ। ਦੇਵੀ ਨੇ ਅਨੇਕਾਂ ਨੂੰ ਤੇਗਾਂ ਮਾਰ ਮਾਰ ਖਤਮ ਕਰ ਦਿੱਤਾ ਪਰ ਦੈਂਤ ਉਨੇ ਹੀ ਹੋਰ ਪੈਦਾ ਹੋਈ ਜਾਂਦੇ ਸੀ। ਬਦੀ ਦਾ ਇਹ ਦਸਤੂਰ ਮੰਨਿਆ ਜਾਂਦਾ ਹੈ ਕਿ ਇਹ ਬਹੁਤ ਛੇਤੀ ਅਤੇ ਕਈ ਗੁਣਾਂ ਵੱਧ ਹੋ ਕੇ ਫੈਲਦੀ ਹੈ। ਇਕੱਲਿਆ ਬਦੀ ਨੂੰ ਖਤਮ ਕਰਨਾ ਮੁਸ਼ਕਿਲ ਹੈ। ਇਸ ਲਈ ਇਸ ਨੂੰ ਖਤਮ ਕਰਨ ਲਈ ਲਗਾਤਾਰ ਅਤੇ ਮਿਲ ਕੇ ਸੰਘਰਸ਼ ਕਰਨਾ ਪੈਂਦਾ ਹੈ।


ਦੈਂਤਾਂ ਨੂੰ ਇਸ ਤਰ੍ਹਾਂ ਵਧਦੇ ਦੇਖ ਕੇ ਦੁਰਗਾ ਨੂੰ ਬਹੁਤ ਰੋਹ ਚੜ੍ਹਿਆ। ਉਸ ਨੇ ਕਾਲਿਕਾ (ਅਕਾਲ ਪੁਰਖ ਦੀ ਸ਼ਕਤੀ) ਨੂੰ ਮਨ ਵਿਚ ਧਿਆਇਆ। ਹਿੰਦੂ ਮਿਥਿਹਾਸ ਵਿਚ ਦੁਰਗਾ ਨੂੰ ਸ਼ਿਵ ਦੀ ਸ਼ਕਤੀ ਮੰਨਿਆ ਗਿਆ ਹੈ ਪਰ ਇਥੇ ਚੰਡੀ ਦੀ ਵਾਰ ਵਿਚ ਉਹ ਅਕਾਲ ਪੁਰਖ ਦੀ ਸ਼ਕਤੀ ਦੀ ਮਨ ਵਿਚ ਅਰਾਧਨਾ ਕਰ ਰਹੀ ਹੈ। ਉਹ ਅਕਾਲ ਪੁਰਖ ਤੋਂ ਸ਼ਕਤੀ ਮੰਗ ਰਹੀ ਹੈ। ਆਪਣੇ ਸਿਰ ਦੀ ਬਾਜੀ ਲਾ ਕੇ ਅਤੇ ਫ਼ਤਿਹ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਨਿਕਲੀ ਜਿਵੇਂ ਮ੍ਰਿੜ ਸ਼ਿਵਜੀ ਵਿਚੋਂ ਪਰਗਟ ਹੋ ਕੇ ਆਇਆ ਸੀ, ਜਿਵੇਂ ਤਿੰਨਾਂ ਲੋਕਾਂ ਵਿਚੋਂ ਸ਼ਿਵਜੀ ਗਰਜ ਕੇ ਚੜ੍ਹਿਆ ਹੋਵੇ, ਜਿਵੇਂ ਵਿਸ਼ਨੂੰ ਆਪਣੀ ਖਾਸ ਤਲਵਾਰ ਨੰਦਕ ਲੈ ਕੇ ਆਇਆ ਹੋਵੇ। ਅਗੋਂ ਰਾਖਸ਼ ਵੀ ਗੁੱਸੇ ਨਾਲ ਭਰੇ ਹੋਏ ਟੁੱਟ ਕੇ ਪੈ ਗਏ। ਦੁਰਗਾ ਨੇ ਬਹੁਤ ਸਾਰੇ ਦੈਂਤ ਖਤਮ ਕੀਤੇ ਉਹਨਾਂ ਨੂੰ ਕੇਸਾਂ ਤੋਂ ਫੜ ਫੜ ਸੁਟਿਆ ਅਤੇ ਚੁਣ ਚੁਣ ਕੇ ਚੋਟੀ ਦੇ ਸੂਰਮੇ ਦੁਰਗਾ ਨੇ ਮਾਰੇ। ਇਸ ਮੂੰਹ ਜੋਰ ਲੜਾਈ ਵਿਚ ਕਾਲਿਕਾ ਦੀਆਂ ਯੋਗਣ ਸਾਥਣਾਂ ਇਲ੍ਹਾਂ, ਕਾਵਾਂ ਤੇ ਗਿਰਝਾਂ ਦੇ ਰੂਪ ਵਿਚ ਇਕੱਠੀਆਂ ਹੋਕੇ ਲਹੂ ਪੀਣ ਵਾਸਤੇ ਆਈਆਂ। ਪੁਰਾਣਾਂ ਅਨੁਸਾਰ ਅੱਠ ਵਿਸ਼ੇਸ਼ ਦੇਵੀਆਂ ਨੂੰ ਹੀ ਯੋਗਨੀਆਂ ਕਿਹਾ ਜਾਂਦਾ ਹੈ ਸ਼ੈਲਪੁਤਰੀ, ਚੰਦ੍ਰਘੰਟਾ, ਸਕੰਦਮਾਤਾ, ਕਾਲਰਾਤਰੀ, ਚਡਿੰਕਾ, ਕੂਸ਼ਭਾਂਡੀ, ਕਾਤਯਾਯਨੀ ਅਤੇ ਮਹਾਂਗੌਰੀ। ਭਗੌੜੇ ਰਾਖਸ਼ਾਂ ਨੇ ਸੁੰਭ ਰਾਜੇ ਨੂੰ ਦਸਿਆ ਕਿ ਯੋਗਣੀਆਂ(ਕਾਲੀ ਦੀਆਂ ਸਾਥਣਾਂ) ਨੇ ਰੱਤ ਦੀਆਂ ਬੂੰਦਾਂ ਧਰਤੀ ਤੇ ਡਿਗਣ ਹੀ ਨਹੀਂ ਦਿਤੀਆਂ। ਇਸ ਤਰਾਂ ਕਾਲੀ ਦੇਵੀ ਨੇ ਸ੍ਰੋਣਤਬੀਜ ਤੋਂ ਪੈਦਾ ਹੋਏ ਸਾਰੇ ਦੈਂਤ ਮਾਰ ਮੁਕਾਏ। ਮਹੱਤਵਪੂਰਨ ਗੱਲ ਇਹ ਹੈ ਕਿ ਜੇ ਦੁਰਗਾ ਆਪਣੀਆਂ ਸਾਥਣਾਂ ਜੋਗਣੀਆਂ ਨੂੰ ਸਹਾਇਤਾ ਲਈ ਨਾ ਬੁਲਾਉਂਦੀ ਤਾਂ ਉਹ ਸ੍ਰੋਣਤਬੀਜ ਦੀ ਰੱਤ ਦੀਆਂ ਬੂੰਦਾਂ ਤੋਂ ਪੈਦਾ ਹੋਏ ਦੈਂਤਾਂ ਨੂੰ ਖਤਮ ਨਹੀਂ ਸੀ ਕਰ ਸਕਦੀ। ਪਰ ਯੋਗਣੀਆਂ ਨੇ ਉਸ ਦੀ ਕੋਈ ਬੂੰਦ ਨੀਚੇ ਨਾ ਡਿਗਣ ਦਿੱਤੀ ਜਿਸ ਤੋਂ ਹੋਰ ਦੈਂਤ ਪੈਦਾ ਹੋ ਸਕਣ।  


 ਸ੍ਰੋਣਤਬੀਜ ਦੀ ਕਹਾਣੀ ਸੁਣ ਕੇ ਗੱਪਾਂ ਮਾਰਨ ਵਾਲੇ ਕਈ ਯੋਧੇ ਦੈਂਤ ਉਠ ਖੜ੍ਹੇ ਕਿ ਉਹ ਗੱਜ ਵੱਜ ਕੇ ਯੁੱਧ ਕਰਨ ਜਾਣਗੇ। ਧਰਤੀ ਨੂੰ ਹਿਲਾਉਂਦੇ ਸੂਰਮਿਆਂ ਦੇ ਦਲ ਨਿਕਲ ਤੁਰੇ। ਸੂਰਮੇ ਦੁਰਗਸ਼ਾਹ ਵਲ ਵਧ ਰਹੇ ਸੀ ਜਿਵੇਂ ਹਾਜੀ(ਮੁਸਲਮਾਨ ਯਾਤਰੀ ) ਮੱਕੇ (ਮੁਸਲਮਾਨਾਂ ਦਾ ਅਰਬ ਵਿਚ ਪਵਿੱਤਰ ਤੀਰਥ ਸਥਾਨ) ਵਲ ਜਾ ਰਹੇ ਹੋਣ। ਇਥੇ ਚੰਡੀ ਦੀ ਵਾਰ ਵਿਚ ਸਮਕਾਲੀਨ ਸੰਦਰਭ ਸਿਰਜਿਆ ਜਾ ਰਿਹਾ ਹੈ। ਹਿੰਦੁਸਤਾਨ ਤੇ ਮੁਗਲਾਂ ਦਾ ਰਾਜ ਸੀ ਅਤੇ ਮੱਕਾ ਮੁਸਲਮਾਨਾਂ ਦਾ ਤੀਰਥ ਅਸਥਾਨ ਹੈ। ਮਦਰੱਸਾ ਵੀ ਮੁਸਲਮਾਨੀ ਸਿੱਖਿਆ ਪ੍ਰਬੰਧ ਨਾਲ ਸਬੰਧਿਤ ਹੈ ਅਤੇ ਨਮਾਜ ਵੀ ਮੁਸਲਮਾਨੀ ਇਬਾਦਤ ਕਰਨ ਦਾ ਢੰਗ-ਤਰੀਕਾ ਹੈ। ਇਨ੍ਹਾਂ ਦੇ ਹਵਾਲੇ ਰਾਹੀਂ ਸਮਕਾਲੀਨ ਰਾਜਨੀਤਕ ਅਤੇ ਸਭਿਆਚਾਰਕ ਚੇਤੰਨਤਾ ਜਗਾਉਣ ਵੱਲ ਇਸ਼ਾਰਾ ਹੈ। ਘਾਇਲ ਹੋ ਕੇ ਸੂਰਮੇ ਇਸ ਤਰ੍ਹਾਂ ਘੁੰਮ ਰਹੇ ਸੀ ਜਿਵੇਂ ਮਦਰੱਸੇ (ਸਕੂਲ) ਵਿਚ ਕਾਜ਼ੀ (ਉਸਤਾਦ) ਫਿਰ ਰਹੇ ਹੋਣ। ਬਰਛੀਆਂ ਵਿਚ ਵਿੰਨ੍ਹੇ ਹੋਏ ਸੂਰਮੇ ਇਉਂ ਲਗ ਰਹੇ ਸੀ ਜਿਵੇਂ ਨਮਾਜ਼ੀ ਨਮਾਜ਼ ਪੜ੍ਹਨ ਲਈ ਝੁਕ ਰਹੇ ਹੋਣ।

 ਕਈ ਦੇਵੀ ਨੂੰ ਇਉਂ ਤਾੜ ਰਹੇ ਸੀ ਜਿਵੇਂ ਘੋੜੇ ਨੂੰ ਖਿੱਝ ਕੇ ਤੱਕੀ ਦਾ ਹੈ ਕਈ ਭੁੱਖਿਆਂ ਵਾਂਗ ਇਕ ਦੂਜੇ ਤੇ ਪੈ ਰਹੇ ਸੀ। ਦੇਵਤਿਆਂ ਤੇ ਦਾਨਵਾਂ ਦੀਆਂ ਟੋਲੀਆਂ ਨੇਜਿਆਂ, ਬਰਛੀਆਂ, ਤੀਰਾਂ ਅਤੇ ਤਲਵਾਰਾਂ ਨਾਲ ਆਹਮੋ ਸਾਹਮਣੇ ਭਿੜ ਰਹੀਆਂ ਸਨ। ਰਣਖੇਤ੍ਰ ਵਿਚ ਸਰੀਰਾਂ ਨਾਲੋਂ ਲੱਤਾਂ ਬਾਹਾਂ ਇਸ ਤਰ੍ਹਾਂ ਲਾਹ ਲਾਹ ਸੁਟੀਆਂ ਹੋਈਆਂ ਸਨ ਜਿਵੇਂ ਤਰਖਾਣ ਨੇ ਦ੍ਰਖਤਾਂ ਨੂੰ ਮੋਛੇ ਪਾ ਪਾ ਗੇਲੀਆਂ ਵੱਢ ਕੇ ਸੁੱਟੀਆਂ ਹੋਣ। ਦੁਰਗਾ ਨੇ ਚੰਗੇ ਚੰਗੇ ਲੜਾਕਿਆਂ ਨੂੰ ਚੁਣ ਚੁਣ ਤੀਰ ਮਾਰੇ। ਰੋਹ ਵਿਚ ਆਈ ਕਾਲਿਕਾ ਖੱਬੇ ਹੱਥ ਤਲਵਾਰ ਲੈਕੇ ਵਾਹ ਰਹੀ ਸੀ। ਪੈਦਲ ਸੈਨਾ ਨੂੰ ਹਾਥੀ ਪੈਰਾਂ ਹੇਠ ਦਰੜ ਕੇ ਮਾਰ ਰਹੇ ਸੀ। ਰਥਾਂ ਵਿਚ ਡਿੱਗੇ ਹੋਏ ਸਵਾਰ ਵੀ ਇਸੇ ਤਰ੍ਹਾਂ ਮਿੱਧੇ ਜਾ ਰਹੇ ਸਨ। ਸੰਜੋਆਂ ਨੂੰ ਵਿੰਨ੍ਹ ਕੇ ਪਾਰ ਲੰਘੇ ਤੀਰਾਂ ਦੀਆਂ ਥਾਗੜਾਂ ਖ਼ੂਨ ਨਾਲ ਭਰੀਆਂ ਹੋਈਆਂ ਸੋਂਹਦੀਆਂ ਸਨ ਜਿਵੇਂ ਅਨਾਰਾਂ ਨੂੰ ਫੁੱਲ ਲਗੇ ਹੋਣ। ਕਾਲਿਕਾ ਇਕਲੀ ਹੀ ਸਾਰੇ ਵੈਰੀਆਂ ਨੂੰ ਜਿੱਤ ਰਹੀ ਸੀ। ਚੰਡੀ ਦੀ ਵਾਰ ਵਿਚ ਮਨੁੱਖ ਦੇ ਧੁਰ ਅੰਦਰ ਸਤਿ ਦੀ ਪਹੁੰਚ ਕਰਾਉਣ ਲਈ ਅਨੇਕਾਂ ਪ੍ਰਤੀਕਾਂ ਅਤੇ ਦ੍ਰਿਸ਼ਟਾਂਤਾਂ ਦੀ ਵਰਤੋਂ ਕੀਤੀ ਹੋਈ ਹੈ। ਇਥੇ ਸਵਾ ਲੱਖ ਨਾਲ ਇੱਕ ਲੜਾਉਣ ਦਾ ਆਸ਼ਾ ਵੀ ਕਾਲਿਕਾ ਦੇ ਪ੍ਰਤੀਕ ਰਾਹੀਂ ਪਰਗਟ ਹੋ ਰਿਹਾ ਹੈ।


 ਫੌਜਾਂ ਧਾ ਕੇ ਜੋਸ਼ ਨਾਲ ਅਗੇ ਆਈਆਂ। ਨਿਸੁੰਭ ਨੇ ਆਪਣੇ ਘੋੜੇ ਨੂੰ ਨਚਾਇਆ ਜਿਸ ਉਤੇ ਤਾਰਾਂ ਦਾ ਝੁੱਲ ਪਾਇਆ ਹੋਇਆ ਸੀ। ਉਸ ਨੇ ਉਚੇਚੀ ਸਿੰਗਾਂ ਦੇ ਟੋਟੇ ਜੋੜ ਕੇ, ਸਾਈ ਦੇ ਕੇ ਬਣਵਾਈ ਹੋਈ ਕਮਾਣ ਮੰਗਵਾਈ ਅਤੇ ਆਪਣੇ ਸਾਥੀਆਂ ਸਮੇਤ ਕਾਲਿਕਾ ਦੇ ਸਾਹਮਣੇ ਆਇਆ। ਅਗੋਂ ਦੁਰਗਸ਼ਾਹ ਨੇ ਤੇਗ ਵਾਹੀ ਜਿਹੜੀ ਨਿਸੁੰਭ ਨੂੰ ਵੱਢ ਕੇ ਘੋੜੇ ਦੇ ਪਲਾਣ ਤੱਕ ਪਹੁੰਚ ਗਈ। ਤਲਵਾਰ ਏਨੇ ਜ਼ੋਰ ਨਾ ਵਾਹੀ ਕਿ ਘੋੜੇ ਨੂੰ ਵੱਢਦੀ ਹੋਈ ਧਰਤੀ ਨਾਲ ਜਾ ਟਕਰਾਈ। ਸੂਰਬੀਰ ਨਿਸੁੰਭ ਧਰਤੀ ਤੇ ਇਸ ਤਰ੍ਹਾਂ ਡਿਗਿਆ ਜਿਵੇਂ ਆਪਣੇ ਭਰਾ ਨੂੰ ਸਿਜਦਾ ਕਰ ਰਹਾ ਹੋਵੇ। ਇਸ ਤੋਂ ਪਿਛੋਂ ਸੁੰਭ ਯੁੱਧ ਕਰਨ ਲਈ ਤਿਆਰ ਹੋ ਗਿਆ। ਨਗਾਰੇ ਧਾਈ ਧਾਈ ਕਰਕੇ ਜਿਵੇਂ ਅਗੇ ਵਧਣ ਲਈ ਹੱਲਾ ਸ਼ੇਰੀ ਦੇ ਰਹੇ ਹੋਣ। ਸੂਰਮੇ ਇਕੱਠੇ ਹੋ ਕੇ ਤੇਗਾਂ, ਬਰਛੀਆਂ ਲੈਕੇ ਅਗੇ ਵਧੇ। ਕਾਲਿਕਾ ਨੇ ਆਪਣੀ ਬਰਛੀ ਨਾਲ ਅਨੇਕਾ ਦਾਨਵਾਂ ਨੂੰ ਮਾਰ ਮੁਕਾਇਆ। ਬਰਛੀਆਂ ਵਿਚ ਪਰੋਏ ਸੂਰਮੇ ਇਸ ਤਰ੍ਹਾਂ ਲਗ ਰਹੇ ਸੀ ਜਿਵੇਂ ਹਲਵਾਈ ਸੀਖ ਨਾਲ ਵਿੰਨ੍ਹ ਵਿੰਨ੍ਹ ਕੇ ਫੜੇ ਤਲ ਰਿਹਾ ਹੋਵੇ। ਸੀਖ ਨਾਲ ਵਿਨ੍ਹ ਕੇ ਵੜੇ ਤਲਨ ਦਾ ਦ੍ਰਿਸ਼ਟਾਂਤ ਇੱਕ ਰੌਚਿਕਤਾ ਪੈਦਾ ਕਰਦਾ ਹੈ। ਅਹਿੰਸਾਂ ਦੇ ਸਿਧਾਂਤ ਤੇ ਜਿਊਣ ਵਾਲੀ ਹਿੰਦੁਸਤਾਨੀ ਜਨਤਾ ਸਦੀਆਂ ਤੱਕ ਬਾਹਰੋਂ ਆਏ ਹਮਲਾਵਾਰਾਂ ਅੱਗੇ ਗੋਡੇ ਟੇਕਦੀ ਰਹੀ ਅਤੇ ਜੁਲਮ ਸਹਿੰਦੀ ਰਹੀ। ਅਜਿਹੀ ਅਹਿੰਸ਼ਾਂ ਦੇ ਸਿਧਾਂਤ ਨਾਲ ਸਥਿਲ ਹੋ ਚੁੱਕੀ ਮਾਨਸਿਕਤਾ ਨੂੰ ਯੁੱਧ ਲਈ ਤਿਆਰ ਕਰਨ ਲਈ ਜੋ ਧਰਮਹੇਤ ਕੀਤਾ ਜਾਣਾ ਸੀ, ਮਨਾਂ ਵਿਚ ਸਹਿਜ ਪੈਦਾ ਕਰਨਾ ਬਹੁਤ ਜ਼ਰੂਰੀ ਸੀ। ਨਗਾਰੇ ਤੇ ਡੱਗਾ ਵੱਜਣ ਤੇ ਲੜਾਈ ਭੜਕ ਉਠੀ। ਦੁਰਗਾ ਨੇ ਆਪਣੀ ਅੱਗ ਵਾਂਗ ਚਮਕਦੀ ਭਗਉਤੀ(ਸ੍ਰੀ ਸਾਹਿਬ) ਹੱਥ ਵਿਚ ਫੜੀ ਅਤੇ ਸੁੰਭ ਨਾਲ ਇਸ ਤਰ੍ਹਾਂ ਲਾਈ ਜਿਵੇਂ ਤਲਵਾਰ ਖੂਨ ਦੀ ਪਿਆਸੀ ਹੋਵੇ। ਸੁੰਭ ਘੋੜੇ ਦੇ ਪਲਾਣ ਤੋਂ ਡਿਗ ਪਿਆ ਅਤੇ ਦੋਧਾਂਰੀ ਬਰਛੀ ਖੁਨ ਨਾਲ ਭਿੱਜੀ ਉਸ ਦੇ ਸਰੀਰ ਵਿਚੋਂ ਜਦੋਂ ਬਾਹਰ ਨਿਕਲੀ ਤਾਂ ਇਉਂ ਲਗ ਰਹੀ ਸੀ ਜਿਵੇਂ ਰਾਜਕੁਮਾਰੀ ਸੂਹੇ ਰੰਗ ਦੀ ਸਾੜ੍ਹੀ ਪਹਿਨ ਕੇ ਮਹਿਲਾਂ ਤੋਂ ਉਤਰੀ ਹੋਵੇ। ਲਹੂ ਭਿੱਜੀ ਬਰਛੀ ਦੀ, ਸੂਹਾ ਵੇਸ ਪਹਿਨੀ ਮਹਿਲਾਂ ਤੋਂ ਉਤਰੀ ਰਾਜਕੁਮਾਰੀ ਨਾਲ ਤੁਲਣਾ ਕਰਨਾ, ਮਨ ਵਿਚ ਅਲੱਗ ਕਿਸ਼ਮ ਦਾ ਚਾਅ ਅਤੇ ਉਤਸ਼ਾਹ ਪੈਦਾ ਕਰਦਾ ਹੈ। ਇਸ ਨਾਲ ਯੁੱਧ ਭਿਆਨਕ ਲੱਗਣ ਨਾਲੋਂ ਇਕ ਸਹਿਜ-ਕਰਮ ਜਾਪਦਾ ਹੈ। ਦੇਵੀ ਅਤੇ ਦੈਂਤਾਂ ਦਾ ਖੂਬ ਯੁੱਧ ਹੋਇਆ। ਸੁੰਭ ਅਤੇ ਨਿਸੁੰਭ ਦੋਵੇਂ, ਜੋ ਦੈਂਤਾਂ ਦੀ ਕੀਮਤੀ ਪੂੰਜੀ ਸਨ, ਰਣਖੇਤ੍ਰ ਵਿਚ ਮਾਰੇ ਗਏ। ਇਹਨਾਂ ਨੂੰ ਮੋਏ ਦੇਖ ਕੇ ਰਾਖਸ਼ਾਂ ਦੀਆਂ ਬਚੀਆਂ ਫੌਜਾਂ ਧਾਹਾਂ ਮਾਰ ਮਾਰ ਰੋ ਰਹੀਆਂ ਸਨ। ਘੋੜਿਆਂ ਦੇ ਮੂੰਹਾਂ ਵਿਚ ਘਾਹ ਲਏ ਹੋਏ, ਉਹਨਾਂ ਨੂੰ ਚਰਦੇ ਛੱਡ ਕੇ ਰਾਖਸ਼ ਦੋੜ ਗਏ। ਸੁੰਭ ਅਤੇ ਨਿਸੁੰਭ ਨੂੰ ਜਮਪੁਰੀ ਭੇਜ ਕੇ ਦੁਰਗਾ ਨੇ ਇੰਦ੍ਰ ਦੇਵਤੇ ਨੂੰ ਸੱਦਿਆ ਅਤੇ ਰਾਜਗੱਦੀ ਤੇ ਬਿਠਾ ਕੇ ਤਿਲਕ ਦਿਤਾ। ਦੁਰਗਾ ਨੇ ਯੁੱਧ ਕੋਈ ਆਪਣਾ ਰਾਜ-ਭਾਗ ਕਾਇਮ ਕਰਨ ਲਈ ਨਹੀਂ ਕੀਤਾ ਸਗੋਂ ਧਰਮ ਦੀ ਸਥਾਪਤੀ ਲਈ ਕੀਤਾ। ਦੁਰਗਾ ਦਾ ਜੱਸ ਚੌਦਾਂ ਤਬਕਾਂ ਭਾਵ ਸਾਰੇ ਸੰਸਾਰ ਉਤੇ ਫੈਲ ਗਿਆ।


 ਇਸ ਤਰ੍ਹਾਂ ਮਾਰਕੰਡੇ ਪੁਰਾਣ ਦੀ ਇਸ ਚੰਡੀ ਦੀ ਵਾਰ ਦਾ ਪੁਨਰ ਕਥਨ ਕੀਤਾ ਹੈ। ਇਸ ਵਿਚ ਦਸਿਆ ਹੈ ਕਿ ਨੇਕੀ ਅਤੇ ਬਦੀ ਵਿਚ ਹਮੇਸ਼ਾ ਜਦੋ ਜਹਿਦ ਹੁੰਦੀ ਹੈ। ਇਹ ਜਦੋ ਜਹਿਦ ਉਦੋਂ ਤਕ ਕਾਇਮ ਰਹਿੰਦੀ ਹੈ ਜਦੋਂ ਤਕ ਨੇਕੀ ਜਿੱਤ ਨਹੀਂ ਜਾਂਦੀ। ਜਿੱਤ ਹਮੇਸ਼ਾ ਸੱਚ ਦੀ ਅਤੇ ਨੇਕੀ ਦੀ ਹੁੰਦੀ ਹੈ ਭਾਵੇਂ ਕਈ ਵਾਰੀ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਬਦੀ ਨੇਕੀ ਤੇ ਭਾਰੂ ਹੋ ਗਈ ਹੋਵੇ। ਦ੍ਰਿੜ ਇਰਾਦੇ ਅਤੇ ਹੌਂਸਲੇ ਨਾਲ ਬਦੀ ਤੇ ਜਿੱਤ ਪਾਈ ਜਾ ਸਕਦੀ ਹੈ। ਬਦੀ ਨੂੰ ਰੋਕਣਾ ਅਤੇ ਉਸਦਾ ਮੁਕਾਬਲਾ ਕਰਨਾ ਜਰੂਰੀ ਹੈ ਨਹੀਂ ਤਾਂ ਬਦੀ ਤੁਹਾਨੂੰ ਆਪਣੇ ਘਰ ਵਿਚ ਵੀ ਚੈਨ ਨਾਲ ਰਹਿਣ ਦੀ ਆਗਿਆ ਨਹੀਂ ਦੇਵੇਗੀ। ਬਦੀ ਬਹੁ-ਗਿਣਤੀ ਵਿਚ ਹੋ ਕੇ ਵੀ ਨੇਕੀ ਸਾਹਮਣੇ ਆਖਰ ਨੂੰ ਹਾਰ ਜਾਂਦੀ ਹੈ। ਧਰਮ ਅਤੇ ਨਿਆਂ ਦੀ ਸਥਾਪਤੀ ਲਈ ਯੁੱਧ ਵੀ ਕਰਨਾ ਪਵੇ ਤਾਂ ਉਸ ਵਿਚ ਕੋਈ ਬੁਰਾਈ ਨਹੀਂ। ਸਾਰੀ ਵਾਰ ਵਿਚ ਤਿੰਨ ਪ੍ਰਮੁੱਖ ਧਿਰਾਂ ਹਨ-ਦੇਵਤੇ-ਅਧਿਆਤਮਕਤਾ ਅਤੇ ਨੇਕੀ ਦੇ ਪ੍ਰਤੀਕ, ਦਾਨਵ ਬਦੀ ਦੇ ਪ੍ਰਤੀਕ ਅਤੇ ਦੁਰਗਾ ਸ਼ਕਤੀ ਦੀ ਪ੍ਰਤੀਕ। ਦੇਵਤੇ ਅਤੇ ਦਾਨਵ ਇਕ ਦੂਸਰੇ ਦੇ ਵਿਰੋਧੀ ਹਨ। ਹੰਕਾਰ ਅਧਿਆਤਮਕਤਾ ਦਾ ਵਿਪਰੀਤ ਅਤੇ ਗਿਰਾਵਟ ਦਾ ਕਾਰਨ ਬਣਦਾ ਹੈ। ਧਾਰਮਿਕ ਹਉਮੈਂ ਸਭ ਤੋਂ ਵਧ ਖਤਰਨਾਕ ਹੁੰਦੀ ਹੈ। ਧਾਰਮਿਕ ਕਹੇ ਜਾਣ ਵਾਲੇ ਵਿਅਕਤੀ ਨੂੰ ਜਦੋਂ ਆਪਣੀ ਧਾਰਮਿਕਤਾ ਦਾ ਹੰਕਾਰ ਹੋ ਜਾਂਦਾ ਹੈ ਤਾਂ ਉਹ ਦੂਸਰਿਆਂ ਨੂੰ ਆਪਣੇ ਤੋਂ ਛੋਟੇ ਸਮਝਣ ਲੱਗ ਪੈਂਦਾ ਹੈ। ਇਸੇ ਵਿਚੋਂ ਬੁਰਾਈ ਪੈਦਾ ਹੁੰਦੀ ਹੈ। ਦਾਨਵ ਤਾਂ ਹਨ ਹੀ ਹੰਕਾਰ ਜਾਣੀ ਵਿਨਾਸ਼ਕਾਰੀ ਸ਼ਕਤੀਆਂ ਦੇ ਪ੍ਰਤਿਨਿਧ। ਇਸ ਲਈ ਉਹਨਾਂ ਦੀ ਅਧਿਆਤਮਕਤਾ ਨਾਲ ਸਦੀਵੀ ਟੱਕਰ ਹੈ। ਨਿਰੀ ਅਧਿਆਤਮਕਤਾ ਸੰਪੂਰਨ ਸ਼ਖਸੀਅਤ ਨਹੀਂ ਹੈ ਜੇ ਇਸ ਵਿਚ ਬਲ ਨਹੀਂ ਹੈ। ਭਗਤੀ ਸ਼ਕਤੀ ਨਾਲ ਮਿਲ ਕੇ ਹੀ ਕੋਈ ਸ਼ਾਰਥਕ ਸਿੱਟੇ ਕੱਢ ਸਕਦੀ ਹੈ। ਮਾਨਵ-ਮਾਨਸਿਕਤਾ ਦਾ ਸੰਤੁਲਿਤ ਹੋਣਾ ਦੋਵਾਂ ਨੂੰ ਇਕ ਦੂਸਰੇ ਦੇ ਪੂਰਕ ਹੋਣ ਦੀ ਮੰਗ ਕਰ ਸਕਦਾ ਹੈ। ਇਸਤ੍ਰੀ ਜਿਸ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਸ਼ਕਤੀ ਦੀ ਅਸਲੀ ਪ੍ਰਤੀਕ ਹੈ। ਜਦੋਂ ਸ਼ਕਤੀ ਅਤੇ ਭਗਤੀ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਵਿਚੋਂ ਇਕ ਬਲਵਾਨ ਮਾਨਸਿਕਤਾ ਪੈਦਾ ਹੁੰਦੀ ਹੈ ਜੋ ਇਕੱਲੀ ਹੀ ਬਹੁਗਿਣਤੀ ਤੇ ਭਾਰੂ ਹੋ ਜਾਂਦੀ ਹੈ ਕਿਉਂਕਿ ਉਸ ਵਿਚ ਸ਼ਕਤੀ ਦੇ ਨਾਲ ਨਾਲ ਇੱਕ ਸੇਧ ਅਤੇ ਆਤਮਿਕ ਬੱਲ ਵੀ ਹੁੰਦਾ ਹੈ। ਕਾਵਾਂ ਅਤੇ ਗਿਰਝਾਂ ਦਾ ਪੰਛੀਆਂ ਵਿਚ ਸਭ ਤੋਂ ਨੀਵਾਂ ਦਰਜਾ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਜਿਵੇਂ ਹਿੰਦੂ ਪ੍ਰਮਪਰਾ ਵਿਚ ਚੰਡਾਲ ਅਤੇ ਸ਼ੂਦਰ ਦਾ ਇਨ੍ਹਾਂ ਦੇ ਕੰਮ ਕਾਰਨ। ਕਲਜੋਗਣਾ ਕਾਵਾਂ ਅਤੇ ਗਿਰਝਾਂ ਦੇ ਰੂਪ ਵਿਚ ਬਦੀ ਨੂੰ ਖਤਮ ਕਰਨ ਲਈ ਸ਼ਕਤੀ ਦੀਆਂ ਸਹਾਇਕ ਸਿੱਧ ਹੁੰਦੀਆਂ ਹਨ। ਉਹ ਦੁਰਗਾ ਦੀਆਂ ਸਾਥਣਾਂ ਹਨ। ਸਮਾਜ ਦਾ ਕੋਈ ਵੀ ਅੰਗ ਨੀਵਾਂ ਜਾਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਸਾਰੇ ਮਨੁੱਖ ਅਧਿਆਤਮਕ ਰਸਤੇ ਤੇ ਚਲਣ ਲਈ ਇਕੋ ਜਿਹੇ ਹੱਕਦਾਰ ਹਨ ਅਤੇ ਦੂਸਰਿਆਂ ਦੇ ਬਰਾਬਰ ਹਨ।


ਹਵਾਲੇ :


1.  ਜੌਨ ਡੌਸਨ, ਹਿੰਦੂ ਮਿਥਿਹਾਸ ਕੋਸ਼, (ਅਨੁਵਾਦਕ ਰਾਜਿੰਦਰ ਸਿੰਘ ਸ਼ਾਸਤ੍ਰੀ, ਭਾਸ਼ਾ ਵਿਭਾਗ, ਪੰਜਾਬ(ਦੂਜੀ ਵਾਰ 1973) ਪੰਨਾ 297.

2.  ਕਰਤਾਰ ਸਿੰਘ ਐਮ.ਏ. (ਪ੍ਰੋਫੈਸਰ). ਸਿੱਖ ਇਤਿਹਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਪੰਨਾ 356.

3.  ਉਹੀ ਪੰਨਾ 389. 

4.  ਉਹੀ

5.  ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪੰਨਾ 146. 

6.  ਰਾਣਾ ਪ੍ਰਸ਼ਾਦ ਸ਼ਰਮਾ, ਪੌਰਾਣਿਕ ਕੋਸ਼ (ਹਿੰਦੀ) ਵਾਰਾਨਸੀ ਗਿਆਨ ਮੰਡਲ ਲਿਮਟਿਡ, ਪੰਨਾ 439.

Back to top


HomeProgramsHukamNamaResourcesContact •