ਦੇਹਿ ਸਿਵਾ ਬਰ ਮੋਹਿ…

- ਅਮਰਜੀਤ ਸਿੰਘ ਖੋਸਾ



ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹੇਠਾਂ ਲਿਖੇ ਮਹਾਂਵਾਕਾਂ ਦਾ, ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਇੰਨ੍ਹਾਂ ਦਾ ਸੁਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਮਿਲਦਾ ਹੈ।


ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ॥ ਪੰ:1013

ਚਾਰਿ ਪਦਾਰਥ ਲੈ ਜਗਿ ਆਇਆ॥ ਸਿਵ ਸਕਤੀ ਘਰਿ ਵਾਸਾ ਪਾਇਆ॥ ਪੰ:1026

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਆਨੰਦ ਸਾਹਿਬ

ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥ ਪੰ:1096

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ॥

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ॥ ਪੰ:1257

ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥

ਅਚੁਰ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥ ਪੰ:1276

ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ॥ ਭਾਈ ਗੁਰਦਾਸ ਜੀ ਵਾਰ 2 ਪਉੜੀ 19/4

ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ ਭਾ: ਗੁ: ਵਾ:21 ਪ.6/1

ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗ ਬਲਾਇਆ॥ ਭਾ: ਗੁ. ਵਾਰ 37 ਪ:2/1

ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ॥ ਕਬਿੱਤ134/4

ਚੰਦਨ ਸਮੀਪ ਜੈਸੇ ਬਾਸ ਔ ਬਨਾਸਪਤੀ ਗੰਧ ਨਿਰਗੰਧ ਸਿਵ ਸਕਤਿ ਕੈ ਜਾਨੀਐ॥ ਕ:465/2

ਤੈਸੇ ਆਤਮਾ ਅਚੇਤ ਸੰਗਤ ਸੁਭਾਵ ਹੇਤ ਸਕਿਤ ਸਕਿਤ ਗਤ ਸਿਵ ਸਿਵ ਸਾਜ ਹੈ॥ ਕ:598/4

ਤੈਸੇ ਆਤਮਾ ਤ੍ਰਿਗੁਨ ਤ੍ਰਿਬਿਧ ਸਕਲ ਸਿਵ ਸਾਧਸੰਗ ਭੇਟਤ ਹੀ ਸਾਧ ਕੋ ਅਭਿਯਾਸ ਹੈ॥ ਕ:625/4


ਸਿਵ, ਯਾਨੀ ਚੇਤਨ-ਪ੍ਰਭੂ,ਪ੍ਰਮਾਤਮਾਂ ਯਾ ਅਕਾਲ-ਪੁਰਖ, ਅਤੇ ਸਕਤੀ, ਯਾਨੀ ਜੜ੍ਹ,ਸ੍ਰਿਸ਼ਟੀ ਯਾ ਮਾਇਆ ਦਾ ਵਰਨਣ ਗੁਰਬਾਣੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਬਹੁਤ ਜਗ੍ਹਾ ਪੜ੍ਹਨ ਨੂੰ ਮਿਲਦਾ ਹੈ।ਪ੍ਰਮਾਤਮਾਂ ਆਪਣੇ ਨਿਰਗੁਣ ਸਰੂਪ ਤੋਂ ਬਦਲ ਕੇ ਜੜ੍ਹ ਵਿਚ ਚੇਤਨਾ-ਪ੍ਰਕਾਸ਼, ਜਾਂ ਜਦ ਸਰਗੁਣ ਰੂਪ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹੀ ਮਾਇਆ ਦਾ ਪਸਾਰਾ ਯਾ ਪ੍ਰਕਿਰਤੀ ਅਖਵਾਉਂਦਾ ਹੈ।ਇਸ ਸਿਵ ਸਕਤੀ ਦੇ ਮੇਲ, ਸਿਵ ਦੇ ਅੱਗੇ ਸਕਤੀ ਦਾ ਹਾਰਨਾ, ਗੁਰੂ ਦੀ ਮਿਹਰ ਨਾਲ ਸਕਤੀ ਨੂੰ ਮਿਟਾ ਕੇ ਸਿਵ ਘਰ ਜੰਮਣਾ, ਗੁਰੂ ਦੀ ਕ੍ਰਿਪਾ ਨਾਲ ਉਸਦੇ ਭਾਣੇ ਨੂੰ ਸਮਝ ਕੇ ਸਕਤੀ ਨੂੰ ਸਿਵ ਘਰ ਲੈ ਆਉਣਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।ਪ੍ਰਕਿਰਤੀ ਦੇ ਪਸਾਰੇ ਵਿਚ ਸਿਵ ਤੇ ਸਕਤੀ ਦਾ ਸੁਮੇਲ ਇਸ ਤਰ੍ਹਾਂ ਹੈ, ਜਿਵੇਂ ਸੂਰਜ ਤੇ ਚੰਦ੍ਰਮਾਂ, (ਜਿਵੇਂ ਸੂਰਜ ਦੀ ਰੌਸ਼ਨੀ ਨਾਲ ਚੰਦ੍ਰਮਾਂ ਚਮਕਦਾ ਦਿਖਾਈ ਦਿੰਦਾ ਹੈ)ਜਾਂ ਚੰਦਨ ਦੇ ਨਜ਼ਦੀਕ ਕੋਈ ਬੂਟਾ, ਜਿਸ ਵਿਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ, ਠੀਕ ਇਸੇ ਤਰ੍ਹਾਂ ਆਤਮਾਂ ਅਤੇ ਪ੍ਰਮਾਤਮਾਂ ਦਾ ਸੰਜੋਗ ਹੈ।


‘ਦਸਮ ਗ੍ਰੰਥ ਸਾਹਿਬ’ ਵਿਚ ਜਦੋਂ ਦਸਮੇਸ਼ ਜੀ:_ 


ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥

ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥


ਅਕਾਲ ਪੁਰਖ ਕੋਲੋਂ ਸ਼ੁਭ ਕਰਮ ਕਰਨ ਦਾ ਵਰ ਮੰਗਦੇ ਹਨ, ਤਾਂ ਗੁਰਮਤਿ ਤੋਂ ਸੱਖਣੀਆਂ ਕੁੱਝ ਰੂਹਾਂ ਨੂੰ ਇਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਮਹੇਸ਼ ਤੋਂ ਵਰ ਮੰਗਿਆ ਜਾ ਰਿਹਾ ਭਾਸਦਾ ਹੈ।ਕਿਸੇ ਪੁਨਰ ਸੰਜੋਗਵੱਸ ਸਿਵ ਦਾ ਨਾਮ ਸੁਨਣ ਸਾਰ ਪਾਰਬਤੀ ਦੇ ਘਰ ਵਾਲੇ ਨੂੰ ਜਾ ਚੰਬੜਦੇ ਹਨ।ਮੇਰੇ ਵਰਗਾ ਅਨਜਾਣ ਜੇ ਕਿਤੇ ‘ਗੁਰਮੁਖਿ ਸਿਵ ਘਰਿ ਜਾਈਐ’॥ (ਪੰ:1328) ਲਿਖ ਬੈਠੇ ਤਾਂ ਇੰਨ੍ਹਾਂ ਨੇ ਕਹਿ ਦੇਣਾ ਹੈ, ਕਿ ਦੇਖ ਲਵੋ ਜੀ! ਅੱਗੇ ਤਾਂ ਪਾਰਵਤੀ ਦੇ ਘਰ ਵਾਲੇ ਤੋਂ ਵਰ ਹੀ ਮੰਗਦੇ ਸੀ, ਪਰ ਹੁਣ ਤਾਂ ਗੁਰਸਿੱਖਾਂ ਨੂੰ ਉਨ੍ਹਾਂ ਦੇ (ਘਰ) ਮੰਦਰਾਂ ਵਿਚ ਭੀ ਲੈ ਵੜੇ ਹਨ।ਬਲਿਹਾਰੇ ਜਾਈਏ ਐਸੀ ਬੁੱਧੀ ਦੇ!!


 

ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ:_


ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥

(ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ? )


ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥

(ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ? )


ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥

(ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ)


ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥

(ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ)


ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥

(ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ)


ਇਸ ਤਰ੍ਹਾਂ ਲਿਖਦੇ? ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।

Back to top


HomeProgramsHukamNamaResourcesContact •